
(ਮੋਹਿਤ ਗਾਦੜਾ) ਲਾਡੋਵਾਲ: ਗੁਰਮਤਿ ਗ੍ਰੰਥੀ ਸਭਾ ਰਜਿਸਟਰਡ ਇੰਟਰਨੈਸ਼ਨਲ ਵੱਲੋਂ ਗੁਰਦੁਆਰਾ ਸਿੰਘ ਸਭਾ ਐੱਚ .ਐੱਲ.-ਐਚ.ਆਈ.ਜੀ. ਕਾਲੋਨੀ, ਜਮਾਲਪੁਰ, ਲੁਧਿਆਣਾ ਵਿਖੇ ਕਰਵਾਏ ਜਾ ਰਹੇ 70ਵੇਂ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਦਾ ਸਭਾ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਮੁਸਾਫਿਰ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੱਖ-ਵੱਖ ਸੇਵਾਵਾਂ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।ਸਭਾ ਵੱਲੋਂ ਇਹ ਸਾਲਾਨਾ ਸਮਾਗਮ 1 ਅਕਤੂਬਰ, ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਅਤੇ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ।
ਗਿਆਨੀ ਸਤਨਾਮ ਸਿੰਘ ਮੁਸਾਫਿਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ, ਪ੍ਰਚਾਰਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੀਆਂ। ਇਸ ਤੋਂ ਇਲਾਵਾ ਸਮਾਜਿਕ ਅਤੇ ਰਾਜਨੀਤਕ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਵੀ ਸਮਾਗਮ ਵਿੱਚ ਹਾਜ਼ਰੀ ਭਰਨਗੀਆਂ lਉਨ੍ਹਾਂ ਕਿਹਾ ਕਿ ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਵੱਲੋਂ ਲੰਮੇ ਸਮੇਂ ਤੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਗ੍ਰੰਥੀ ਸਿੰਘਾਂ ਅਤੇ ਧਾਰਮਿਕ ਸੇਵਾਵਾਂ ਨਾਲ ਜੁੜੇ ਸੇਵਾਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ। 70ਵਾਂ ਸਾਲਾਨਾ ਸਮਾਗਮ ਵੀ ਇਸੇ ਲੜੀ ਤਹਿਤ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਗਿਆਨੀ ਮੁਸਾਫਿਰ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਵੱਧ-ਚੜ੍ਹ ਕੇ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦਾ ਲਾਹਾ ਲੈਂਦਿਆਂ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਗਿਆਨੀ ਚਰਨਜੀਤ ਸਿੰਘ ਚੰਦਨ, ਗਿਆਨੀ ਬਲਜੀਤ ਸਿੰਘ ਐੱਚ .ਐੱਲ . ਕਾਲੋਨੀ, ਭਾਈ ਅਵਤਾਰ ਸਿੰਘ ਲੁਹਾਰਾ, ਗਿਆਨੀ ਰਣਜੀਤ ਸਿੰਘ ਸਿੱਖ ਕਾਲਜ, ਗਿਆਨੀ ਸੁਖਦੇਵ ਸਿੰਘ, ਗਿਆਨੀ ਮਨਜੋਤ ਸਿੰਘ, ਢਾਡੀ ਸਿਕੰਦਰ ਸਿੰਘ ਲੁਹਾਰਾ, ਭਾਈ ਗੁਰਸੇਵਕ ਸਿੰਘ ਸਮੇਤ ਸਭਾ ਦੇ ਹੋਰ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।