
– ਨੌਰਥ ਇੰਡੀਆ ਕਬੱਡੀ ਫੈਡਰੇਸਨ ਵਲੋਂ ਇੱਕ ਹਫਤੇ ਲਈ ਸੋਗ ਕਾਰਣ ਮੈਚ ਰੱਦ
(ਕਮਲ ਰੰਗਾਰਾ) ਦਿੜਬਾ ਮੰਡੀ। ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਜਗਤ ਵਿੱਚ ਆਪਣੀ ਦਮਦਾਰ ਖੇਡ ਨਾਲ ਕਬੱਡੀ ਪ੍ਰੇਮੀਆਂ ਨੂੰ ਰੋਮਾਂਚਿਤ ਕਰ ਰਹੇ ਇੰਗਲੈਂਡ ਕਬੱਡੀ ਟੀਮ ਦੇ ਕਪਤਾਨ ਸੰਦੀਪ ਸੰਧੂ ਨੰਗਲ ਅੰਬੀਆਂ ਦਾ ਕੱਲ ਪਿੰਡ ਮੱਲੀਆਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਾਤਲ ਕਰ ਦਿੱਤਾ ਹੈ। ਇਹ ਘਟਨਾ ਸਾਮੀ ਉਸ ਵੇਲੇ ਹੋਈ ਜਦੋਂ ਉਹ ਕਬੱਡੀ ਟੂਰਨਾਮੈਂਟ ਵਿੱਚ ਸਾਮਿਲ ਹੋਣ ਲਈ ਆਏ ਹੋਏ ਸਨ। ਸਰੇਆਮ ਗੋਲੀਆਂ ਮਾਰ ਕੇ ਕਾਤਲ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ। ਜਿਆਦਾ ਗੋਲੀਆਂ ਲੱਗਣ ਕਾਰਣ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਦਮ ਤੋੜ ਗਏ। ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਮਹਿੰਦਰ ਸਿੰਘ ਮੁਨਸੀ ਦੇ ਪਿੰਡ ਨੰਗਲ ਅੰਬੀਆਂ ਤਹਿਸੀਲ ਸਾਹਕੋਟ, ਜਿਲਾ ਜਲੰਧਰ ਵਿਖੇ ਸੰਦੀਪ ਸੰਧੂ ਦਾ ਜਨਮ ਸ. ਸਵਰਨ ਸਿੰਘ ਸੰਧੂ ਦੇ ਘਰ ਮਾਤਾ ਕਸਮੀਰ ਕੌਰ ਦੀ ਕੁੱਖੋਂ ਹੋਇਆ। ਉਹ ਜੁੜਵੇਂ ਪੈਦਾ ਹੋਏ ਸਨ। ਉਸਦਾ ਦੂਜਾ ਭਰਾ ਗੁਰਜੀਤ ਸਿੰਘ ਸੰਧੂ ਯੂ.ਕੇ. ਹੈ। ਸੰਦੀਪ ਨੰਗਲ ਅੰਬੀਆਂ ਨੂੰ ਕਬੱਡੀ ਜਗਤ ਵਿੱਚ ਗਲੈਡੀਏਟਰ ਦੇ ਨਾਲ ਜਾਣਿਆ ਜਾਂਦਾ ਸੀ। ਉਨਾਂ ਆਪਣਾ ਖੇਡ ਕੈਰੀਅਰ ਪਿੰਡ ਓਪਨ ਕਬੱਡੀ ਪਿੰਡ ਬਾਜਵਾ ਕਲਾ ਦੀ ਟੀਮ ਤੋਂ ਸ਼ੁਰੂ ਕੀਤਾ ਸੀ। ਇੱਕ ਦਹਾਕੇ ਤੱਕ ਲੋਕ ਉਨਾਂ ਨੂੰ ਸੰਦੀਪ ਬਾਜਵਾ ਦੇ ਨਾਂ ਨਾਲ ਸੱਦਦੇ ਰਹੇ ਹਨ। 2005 ਵਿੱਚ ਇੰਗਲੈਂਡ ਵਸਣ ਤੋਂ ਬਾਅਦ ਉਨਾਂ ਨੂੰ ਲੋਕਾਂ ਨੇ ਸੰਦੀਪ ਨੰਗਲ ਅੰਬੀਆਂ ਦੇ ਨਾਂ ਨਾਲ ਬੁਲਾਉਣਾ ਸੁਰੂ ਕੀਤਾ। ਉਹ ਪੰਜਾਬ ਵਿੱਚ ਹੋਏ ਵਿਸਵ ਕਬੱਡੀ ਕੱਪ ਦੌਰਾਨ ਇੰਗਲੈਂਡ ਕਬੱਡੀ ਟੀਮ ਦੇ ਕਪਤਾਨ ਰਹੇ ਸਨ। ਜਿੰਨਾਂ ਦੀ ਕਪਤਾਨੀ ਵਿੱਚ ਇੰਗਲੈਂਡ ਨੇ 2016 ਦੇ ਡਾ. ਬੀ ਆਰ ਅੰਬੇਡਕਰ ਸਾਹਿਬ ਕਬੱਡੀ ਕੱਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਪਹਿਲੀ ਸਰਕਲ ਕਬੱਡੀ ਵਿਸਵ ਕਬੱਡੀ ਵੇਵ ਲੀਗ ਵਿੱਚ ਉਨਾਂ ਯੂਨਾਈਟਿਡ ਸਿੰਘਜ ਯੂ.ਕੇ. ਟੀਮ ਦੀ ਅਗਵਾਈ ਕੀਤੀ। ਇਸ ਟੂਰਨਾਮੈਂਟ ਵਿੱਚ ਉਨਾਂ ਪਹਿਲਾਂ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਬੈਸਟ ਜਾਫੀ ਦਾ ਖਿਤਾਬ ਵੀ ਜਿੱਤਿਆ। ਕਬੱਡੀ ਪ੍ਰਮੋਟਰ ਸੱਬਾ ਥਿਆੜਾ ਰਾਇਲ ਕਿੰਗ ਯੂ.ਐਸ.ਏ. ਨੇ ਉਨਾਂ ਨੂੰ

ਸੋਨਾਲੀਕਾ ਟਰੈਕਟਰ ਨਾਲ ਸਨਮਾਨਿਤ ਕੀਤਾ। ਸੰਦੀਪ ਨੰਗਲ ਅੰਬੀਆਂ ਇੰਗਲੈਂਡ ਕਬੱਡੀ ਸੀਜਨ ਵਿੱਚ ਲਗਾਤਾਰ ਤਿੰਨ ਸਾਲ ਬੈਸਟ ਜਾਫੀ ਰਹਿਣ ਦਾ ਰਿਕਾਰਡ ਬਣਾਉਣ ਵਾਲਾ ਵਿਲੱਖਣ ਖਿਡਾਰੀ ਸੀ, ਜਿਸ ਵਿੱਚ ਉਸਨੇ ਜੀਤੀ ਕੂਨਰ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਉਹ ਕਬੱਡੀ ਨੂੰ ਸਹੀ ਅਰਥਾਂ ਵਿੱਚ ਪੇਸ਼ੇਵਰ ਰਾਹ ਪਾਉਣ ਦੇ ਨਾਲ ਨਾਲ ਜਮਹੂਰੀ ਸੁਧਾਰਾਂ ਦਾ ਵੀ ਹਾਮੀ ਸੀ। ਉਹ ਪੰਜਾਬ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ, ਦਸਮੇਸ ਕਲੱਬ ਕਪੂਰਥਲਾ, ਦਸਮੇਸ ਕਲੱਬ ਨਕੋਦਰ, ਬਾਬਾ ਹੰਸਾ ਸਿੰਘ ਕਲੱਬ ਬੱਛੋਵਾਲ, ਸ਼ਹੀਦ ਬਚਨ ਸਿੰਘ ਕਲੱਬ ਦਿੜਬਾ ਨਾਲ ਖੇਡਣ ਤੋਂ ਬਾਅਦ 2014 ਵਿੱਚ ਆਪਣੀ ਟੀਮ ਬਾਬਾ ਸੁਖਚੈਨ ਦਾਸ ਸਾਹਕੋਟ ਲਾਈਨ ਬਣਾ ਕੇ ਖੇਡਿਆ। ਸਾਹਕੋਟ ਲਾਈਨ ਸੀਜਨ ਦੀ ਲਗਾਤਾਰ ਕਈ ਸਾਲ ਬੈਸਟ ਟੀਮ ਵੀ ਰਹੀ। ਸੰਦੀਪ ਨੰਗਲ ਅੰਬੀਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਲਗਾਤਾਰ ਦੋ ਸਾਲ ਚੈਪੀਅਨਸ਼ਿਪ ਤੇ ਨੌਰਥ ਇੰਡੀਆ ਕਬੱਡੀ ਫੈਡਰੇਸਨ ਕੱਪ ਦਾ ਇੱਕ ਵਾਰ ਬੈਸਟ ਜਾਫੀ ਰਿਹਾ ਸੀ। ਇੰਗਲੈਂਡ ਵਿੱਚ ਉਹ ਵੁਲਵਰਹੈਂਪਟਨ ਕਲੱਬ, ਗਰੈਵਜੈਂਡ ਕਲੱਬ, ਮਿੱਡਵੇਅ, ਪੰਜਾਬ ਯੂਨਾਈਟਿਡ ਵੁਲਵਰਹੈਂਪਟਨ, ਟੈਲਫੋਰਡ ਕਲੱਬ ਆਦਿ ਲਈ ਅਤੇ ਕੈਨੇਡਾ ਵਿੱਚ ਵੈਨਕੂਵਰ ਕਲੱਬ, ਮੈਟਰੋ ਪੰਜਾਬੀ ਸਪੋਰਟਸ ਕਲੱਬ, ਅਮਰੀਕਾ ਵਿੱਚ ਬੇ ਏਰੀਆ ਲਾਈਨਜ ਲਈ ਖੇਡਦਾ ਸੀ। ਵਿਦੇਸਾਂ ਵਿੱਚ ਆਖਰੀ ਮੈਚ ਉਹ ਸਾਈਪ੍ਰਸ ਵਿੱਚ ਖੇਡਿਆ ਸੀ। ਜਿੱਥੇ ਉਹ ਬੈਸਟ ਜਾਫੀ ਰਿਹਾ ਸੀ। ਉਹ ਦੁਬਈ, ਯੂਰਪ ਆਦਿ ਦੇਸਾਂ ਵਿੱਚ ਵੀ ਖੇਡਦਾ ਸੀ। ਪਿਛਲੇ ਸਮੇਂ ਹੋਂਦ ਵਿੱਚ ਆਈ ਨਵੀਂ ਖੇਡ ਸੰਸਥਾ ਮੇਜਰ ਲੀਗ ਕਬੱਡੀ ਫੈਡਰੇਸਨ ਦੇ ਮੂਹਰਲੀ ਸਫਾ ਦੇ ਆਗੂ ਸੰਦੀਪ ਨੰਗਲ ਅੰਬੀਆਂ ਅੱਜਕੱਲ ਪ੍ਰਧਾਨ ਸਨ। ਜੋ ਕਿ ਕਬੱਡੀ ਵਿੱਚ ਨਵੇਂ ਦਿਸਹੱਦੇ ਰਚਣ ਲਈ ਕੰਮ ਕਰਨ ਲਈ ਯਤਨਸੀਲ ਸਨ। ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਕਬੱਡੀ ਪ੍ਰਮੋਟਰਾਂ ਨੇ ਅਗਲੇ ਦਿਨਾਂ ਵਿੱਚ ਉਸਦਾ ਸਵਾ ਕਰੋੜ ਰੁਪਏ ਦੀ ਗੱਡੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਜੋ ਕਿ ਉਸਦੀ ਮੌਤ ਕਾਰਣ ਕਿਰਕਰਾ ਹੋ ਗਿਆ ਹੈ। ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਕਬੱਡੀ ਜਗਤ ਸੋਗ ਵਿੱਚ ਡੁੱਬ ਗਿਆ ਹੈ। ਪੰਜਾਬ ਵਿਚਲੇ ਕਬੱਡੀ ਕੱਪ ਅਤੇ ਟੂਰਨਾਮੈਂਟ ਇੰਨੀ ਦਿਨੀ ਮੁਲਤਵੀ ਕਰ ਦਿੱਤੇ ਹਨ। ਕਬੱਡੀ ਦੇ ਬਾਬਾ ਬੋਹੜ ਸ. ਸੁਰਜਨ ਸਿੰਘ ਚੱਠਾ ਨਾਲ ਸੰਬੰਧਿਤ ਨੌਰਥ ਇੰਡੀਆ ਕਬੱਡੀ ਫੈਡਰੇਸਨ ਨੇ ਇੱਕ ਹਫਤੇ ਲਈ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਕੇ ਸੋਗ ਮਤਾ ਪਾਸ ਕੀਤਾ ਹੈ। ਸੰਦੀਪ ਨੰਗਲ ਅੰਬੀਆਂ ਦੀ ਮੌਤ ਕਬੱਡੀ ਜਗਤ ਲਈ ਅਸਹਿ ਸਦਮਾ ਹੈ, ਜਿਸ ਨਾਲ ਦੇਸ਼ ਵਿਦੇਸ ਦੇ ਕਬੱਡੀ ਪ੍ਰੇਮੀਆਂ ਨੂੰ ਭਾਰੀ ਸਦਮਾ ਲੱਗਾ ਹੈ। ਇਹ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ।
![]()