
ਜੇਕਰ ਸਰਕਾਰ ਨੇ ਮਿਹਨਤਾਨਾ ਜਾਰੀ ਨਾ ਕੀਤਾ ਤੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ : ਮੀਨਾ ਕੁਮਾਰੀ
(ਹਰਪ੍ਰੀਤ ਸਿੰਘ ਕੈਲੇ ) ਮਾਛੀਵਾੜਾ ਸਾਹਿਬ : ਅੱਜ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਪੰਜਾਬ ਦੇ ਸੱਦੇ ਤੇ ਮਾਛੀਵਾਡ਼ਾ ਸਾਹਿਬ ਵਿਖੇ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਕਾਲ ਤੋਂ ਮਿਲਦਾ ਮਿਹਨਤਾਨਾ ਸਰਕਾਰ ਵੱਲੋਂ ਬੰਦ ਕਰਨ ਦੀ ਨਿਖੇਧੀ ਕਰਦਿਆਂ ਸਥਾਨਕ ਮੁੱਢਲਾ ਸਿਹਤ ਕੇਂਦਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਗਨੀ ਖਾਂ ਨਬੀ ਖਾਂ ਗੇਟ ਅੱਗੇ ਸਰਕਾਰ ਦੇ ਇਸ ਫੈਸਲੇ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਆਸ਼ਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਮੀਨਾ ਕੁਮਾਰੀ ਨੇ ਕਿਹਾ ਕਿ ਆਸ਼ਾ ਵਰਕਰਾਂ 2008 ਤੋਂ ਹੁਣ ਤੱਕ ਪੂਰੀ ਇਮਾਨਦਾਰੀ ਨਾਲ ਕੰਮ ਕਰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਉਨ੍ਹਾਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਅਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਘਰ ਘਰ ਕੋਰੋਨਾ ਦਾ ਸਰਵੇ ਕੀਤਾ ਅਤੇ ਲੋਕਾਂ ਨੂੰ ਟੀਕੇ ਲਗਵਾਏ ਜਿਸ ਤੇ ਸਿਹਤ ਵਿਭਾਗ ਨੇ ਆਸ਼ਾ ਵਰਕਰਾਂ ਨੂੰ ਮਹਿਕਮੇ ਦੀ ਰੀੜ੍ਹ ਦੀ ਹੱਡੀ ਕਹਿ ਕੇ ਸੰਬੋਧਨ ਕੀਤਾ ਸੀ ਪਰ ਹੁਣ ਸਰਕਾਰ ਨੇ ਤਾਨਾਸ਼ਾਹੀ ਫੁਰਮਾਨ ਜਾਰੀ ਕਰਦਿਆਂ ਆਸ਼ਾ ਵਰਕਰਾਂ ਨੂੰ ਕੋਰੋਨਾ ਕਾਲ ਤੋਂ ਮਿਲਦਾ 2500 ਰੁਪਏ ਮਿਹਨਤਾਨਾ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਕਾਰਨ ਆਸ਼ਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਮੀਨਾ ਕੁਮਾਰੀ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਸਰਕਾਰ ਨੇ ਇਹ ਮਿਹਨਤਾਨਾ ਬੰਦ ਕਰ ਦਿੱਤਾ ਹੈ ਤੇ ਜਦੋਂ ਤੱਕ ਸਰਕਾਰ ਆਪਣਾ ਇਹ ਹੁਕਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਸਮੂਹ ਆਸ਼ਾ ਵਰਕਰਾਂ ਆਪਣੇ ਕੰਮਾਂ ਦਾ ਬਾਈਕਾਟ ਕਰਨਗੀਆਂ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਹੋਰ ਮੰਗਾਂ ਜਿਵੇਂ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਐਲਾਨਿਆ ਜਾਵੇ ਅਤੇ ਵਿੱਤ ਵਿਭਾਗ ਅਤੇ ਯੋਜਨਾਬੰਦੀ ਵਿਭਾਗ ਵੱਲੋਂ ਸਹਿਮਤੀ ਪੱਤਰ ਦੇ ਆਧਾਰ ਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪੱਚੀ ਸੌ ਰੁਪਏ ਵਿਕਾਸ ਭੱਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਇਆ ਜਾਵੇਅਤੇ ਮਨਜ਼ੂਰ ਕੀਤੀ ਪ੍ਰਸੂਤਾ ਛੁੱਟੀ ਲਾਗੂ ਕੀਤੀ ਜਾਵੇ, ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਲਿਆਉਣ ਦੇ ਆਸ਼ਾ ਵਰਕਰਾਂ ਕੋਲ ਕੋਈ ਸਾਧਨ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਡਿਊਟੀ ਤੋਂ ਫਾਰਗ ਕੀਤਾ ਜਾਵੇ ਅਤੇ ਵੈਕਸੀਨ ਲਿਆਉਣ ਦਾ ਪਿਛਲਾ ਬਕਾਇਆ ਤੁਰੰਤ ਬੈਂਕ ਖਾਤੇ ਵਿੱਚ ਪਾਇਆ ਜਾਵੇ, ਇਸ ਤੋਂ ਇਲਾਵਾ 2007 ਤੋਂ ਆਸ਼ਾ ਵਰਕਰਾਂ ਨੂੰ ਟੀਬੀ ਦੇ ਇਲਾਜ ਕਰਨ ਦਾ ਮਿਹਨਤਾਨਾ ਜਾਰੀ ਕੀਤਾ ਜਾਵੇ ਆਸ਼ਾ ਫੈਸੀਲੇਟਰਾਂ ਦਾ ਵਿਕਾਸ ਭੱਤਾ ਵਧਾਇਆ ਜਾਵੇ ਤੋਂ ਇਲਾਵਾ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ । ਪ੍ਰਧਾਨ ਮੀਨਾ ਕੁਮਾਰੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਰੋਨਾ ਕਾਲ ਦਾ ਭੱਤਾ ਜਾਰੀ ਨਾ ਕੀਤਾ ਤੇ ਸਾਡੀਆਂ ਰਹਿੰਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ ਅਤੇ ਅਣਮਿੱਥੇ ਸਮੇਂ ਲਈ ਸਿਹਤ ਵਿਭਾਗ ਦੇ ਕੰਮਾਂ ਦਾ ਬਾਈਕਾਟ ਕਰਦੀਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਾ ਵਰਕਰ ਗੁਰਮੀਤ ਕੌਰ, ਹਰਪ੍ਰੀਤ ਕੌਰ, ਜਸਬੀਰ ਕੌਰ, ਕਮਲੇਸ਼ ਰਾਣੀ, ਕੁਲਦੀਪ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ ਕੁਲਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਸ਼ਾ ਵਰਕਰਾਂ ਮੌਜੂਦ ਸਨ