
(ਨਿਊਜ਼ ਚੈਕ ਪੋਸਟ) ਫਿਲੌਰ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਸੇਵਕ ਸਭਾ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਸਿੰਘ ਸਭਾ ਅੱਪਰਾ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਜੀ (ਟੋਨੀ ਵੀਰ ਲੁਧਿਆਣੇ ਵਾਲੇ), ਭਾਈ ਕਰਨੈਲ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣੇ ਵਾਲੇ), ਸਟੇਜ ਸਕੱਤਰ ਭਾਈ ਮੋਹਕਮ ਸਿੰਘ ਜੀ (ਵੈਨਕੂਵਰ ਕੈਨੇਡਾ ਵਾਲੇ), ਭਾਈ ਨਰਿੰਦਰ ਸਿੰਘ ਜੀ (ਗੁਰਮਤਿ ਪ੍ਰਚਾਰ ਕੇਂਦਰ ਅੱਪਰਾ) ਤੇ ਭਾਈ ਜਤਿੰਦਰ ਸਿੰਘ ਜੀ (ਗ੍ਰੰਥੀ ਗੁਰਦੁਆਰਾ ਸਿੰਘ ਸਭਾ ਅੱਪਰਾ) ਨੇ ਆਈਆਂ ਹੋਈਆਂ ਸੰਗਤਾਂ ਨੂੰ ਧੰਨ ਧੰਨ ਅੰਮ੍ਰਿਤ ਰੂਪੀ ਸ਼ਬਦਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।