
ਸੰਗਰੂਰ(ਜਗਸੀਰ ਸਿੰਘ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਾਲਾਨਾ ਸਰਬ ਹਿੰਦ ਸਮਾਗਮ ਸਬੰਧੀ ਤਿੰਨ ਰੋਜ਼ਾ ਸਮਾਗਮ ਬਾਬਾ ਬੁੱਢਾ ਜੀ ਤਪ ਅਸਥਾਨ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਮੁੱਖ ਸੇਵਾਦਾਰ ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ ਅਤੇ ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੇ ਸੇਵਕਾਂ ਦੇ ਵੱਡੇ ਜਥੇ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸੇਵਾਵਾਂ ਨਿਭਾਉਂਦਿਆਂ ਅਹਿਮ ਯੋਗਦਾਨ ਪਾਇਆ।
ਸਮਾਗਮ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੇ ਤਿੰਨੇ ਦਿਨ ਰਾਤ ਸਮੇਂ ਅਤੇ ਸਵੇਰ ਵੇਲੇ ਕਰਵਾਏ ਗਏ ਕੀਰਤਨ ਤੇ ਕਥਾ ਸਮਾਗਮਾਂ ਵਿੱਚ ਮੰਚ ਸੰਚਾਲਨ ਦੀ ਸੇਵਾ ਬਾਖੂਬੀ ਨਿਭਾਈ। ਇਸ ਦੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ ਦੀ ਅਗਵਾਈ ਹੇਠ ਸੁਸਾਇਟੀ ਦੇ ਸੇਵਕਾਂ ਨੇ ਵੱਖ-ਵੱਖ ਸੇਵਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਇਨ੍ਹਾਂ ਸੇਵਕਾਂ ਵਿੱਚ ਦਲਵੀਰ ਸਿੰਘ ਬਾਬਾ, ਗੁਰਿੰਦਰ ਵੀਰ ਸਿੰਘ, ਰਾਜਿੰਦਰ ਪਾਲ ਸਿੰਘ, ਹਰਵਿੰਦਰ ਸਿੰਘ ਬਿੱਟੂ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ, ਰਾਜਵਿੰਦਰ ਸਿੰਘ ਲੱਕੀ, ਪ੍ਰੀਤਮ ਸਿੰਘ, ਹਰਫੂਲ ਸਿੰਘ, ਈਮਾਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਕੰਵਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਅਤੇ ਵੱਖ-ਵੱਖ ਕਥਾ ਵਾਚਕਾਂ ਸਮੇਤ ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕੀਰਤਨ ਅਤੇ ਗੁਰਬਾਣੀ ਦੀ ਵਿਆਖਿਆ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਕਰਨ ਵਾਲੇ ਜਥਿਆਂ ਨੂੰ ਸਮਾਗਮ ਦੀ ਪ੍ਰਬੰਧਕੀ ਕਮੇਟੀ ਦੇ ਨਾਲ ਹਰਭਜਨ ਸਿੰਘ ਭੱਟੀ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਮਹਿੰਦਰ ਪਾਲ ਸਿੰਘ ਪਾਹਵਾ ਵੱਲੋਂ ਸਨਮਾਨਿਤ ਕੀਤਾ ਗਿਆ।
ਸਵੇਰ ਵੇਲੇ ਵੱਖ-ਵੱਖ ਸੁਸਾਇਟੀਆਂ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਉਪਰੋਕਤ ਸੇਵਕਾਂ ਤੋਂ ਇਲਾਵਾ ਸਵਰਨ ਕੌਰ, ਵਰਿੰਦਰ ਕੌਰ, ਪਰਵਿੰਦਰ ਕੌਰ, ਰੇਖਾ ਰਾਣੀ, ਕਰਮਿੰਦਰ ਕੌਰ ਅਤੇ ਜੋਗਿੰਦਰ ਕੌਰ ਨੇ ਵੀ ਹਾਜ਼ਰੀ ਭਰੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਵਿੱਚ 150 ਤੋਂ ਵੱਧ ਸੁਸਾਇਟੀਆਂ ਦੇ ਸੇਵਕਾਂ ਨੇ ਵਰਦੀਆਂ ਪਹਿਨ ਕੇ ਸ਼ਮੂਲੀਅਤ ਕੀਤੀ, ਜਿਸ ਨਾਲ ਬੇਹੱਦ ਮਨਮੋਹਕ ਦ੍ਰਿਸ਼ ਪੇਸ਼ ਹੋਇਆ। ਇੱਕ ਪਾਸੇ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ, ਜਦਕਿ ਦੂਜੇ ਪਾਸੇ ਆਕਾਸ਼ ਤੋਂ ਵੀ ਜ਼ੋਰਦਾਰ ਮੀਂਹ ਵਰ੍ਹਦਾ ਰਿਹਾ। ਇਸ ਦੇ ਬਾਵਜੂਦ ਸੰਗਤਾਂ ਦੀ ਸ਼ਰਧਾ ਅਤੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਵਰ੍ਹਦੇ ਮੀਂਹ ਦੌਰਾਨ ਵੀ ਸ਼ਬਦੀ ਜਥਿਆਂ ਨੇ “ਝਿਮ-ਝਿਮ ਵਰਸੇ ਅੰਮ੍ਰਿਤ ਧਾਰਾ…” ਅਤੇ ਭਗਤ ਫਰੀਦ ਜੀ ਦੇ ਸਲੋਕ “ਭਿਜਉ ਸਿਜਉ ਕੰਬਲੀ, ਅਲਹ ਵਰਸਹੁ ਮੇਹੁ। ਜਾਇ ਮਿਲਾ ਤਿਨਾ ਸਜਣਾ, ਤੁਟਉ ਨਾਹੀ ਨੇਹੁ।” ਸਮੇਤ ਹੋਰ ਸ਼ਬਦਾਂ ਦਾ ਗਾਇਨ ਕਰਦਿਆਂ ਰਮਦਾਸ ਦੇ ਗਲੀ-ਮੁਹੱਲਿਆਂ ਦੀਆਂ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ।
ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਨਗਰ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ ਗਿਆ ਅਤੇ ਸੰਗਤਾਂ ਲਈ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦਾ ਲੰਗਰ ਲਗਾ ਕੇ ਭਰਪੂਰ ਸੇਵਾ ਕੀਤੀ ਗਈ। ਇਸ ਮੌਕੇ ਹਰ ਸੁਸਾਇਟੀ ਦੇ ਮੁਖੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸੰਗਰੂਰ ਸੁਸਾਇਟੀ ਦੇ ਸ਼ਬਦੀ ਜਥੇ ਦੇ ਸੇਵਕਾਂ ਨਾਲ ਸਹਿਜਮੀਤ ਕੌਰ, ਕੁਲਦੀਪ ਕੌਰ, ਗੁਰਜੀਤ ਕੌਰ, ਗੁਰਮੀਤ ਕੌਰ, ਰਵਨੀਤ ਕੌਰ, ਜਸਵਿੰਦਰ ਕੌਰ ਥਲੇਸਾਂ ਅਤੇ ਸਰਬਦਮਨ ਸਿੰਘ ਨੇ ਗੁਰੂ ਸਾਹਿਬ ਦੀ ਉਸਤਤਿ ਵਿੱਚ ਗੁਣਗਾਨ ਕੀਤਾ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਪ੍ਰੀਤ, ਜਗਜੀਤ ਸਿੰਘ ਸਰਨਾ, ਸੁਰਿੰਦਰ ਸਿੰਘ ਸਰਨਾ, ਬਲਵੰਤ ਸਿੰਘ ਭਿੱਖੀ, ਕਰਮ ਸਿੰਘ ਰਵੀਦਾਸ ਪੁਰਾ, ਹਮੀਰ ਸਿੰਘ, ਕਰਨੈਲ ਸਿੰਘ, ਰਾਵਿੰਦਰ ਸਿੰਘ, ਜੋਗਿੰਦਰ ਸਿੰਘ ਲੁਧਿਆਣਾ, ਮਨਦੀਪ ਸਿੰਘ ਸ਼ੈਲੀ ਅਤੇ ਰਾਜਿੰਦਰ ਸਿੰਘ ਸਮੇਤ ਹੋਰਨਾਂ ਨੇ ਵੀ ਸਹਿਯੋਗ ਦਿੱਤਾ।
ਨਗਰ ਕੀਰਤਨ ਦੀ ਸਮਾਪਤੀ ਉਪਰੰਤ ਸੰਗਰੂਰ ਸੁਸਾਇਟੀ ਵੱਲੋਂ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਸੁਸਾਇਟੀਆਂ ਨੂੰ ਮਠਿਆਈ ਦੇ ਡੱਬੇ ਵੰਡੇ ਗਏ। ਇਸ ਮੌਕੇ ਰਮਦਾਸ ਸੁਸਾਇਟੀ ਵੱਲੋਂ ਸੰਗਰੂਰ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਭੱਟੀ ਅਤੇ ਸੁਸਾਇਟੀ ਦੇ ਸਰਪ੍ਰਸਤ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।