
ਵਿਭਾਗ ਦੀਆਂ ਤਕਨੀਕੀ ਖਾਮੀਆਂ ਦਾ ਖਮਿਆਜ਼ਾ ਜਨਤਾ ਕਿਉਂ ਭੁਗਤੇ? ਵਾਧੂ ਫੀਸਾਂ ਅਤੇ ਬੇਲੋੜੀ ਪ੍ਰਕਿਰਿਆ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਮੰਗ
ਹੁਸ਼ਿਆਰਪੁਰ (ਤਰਸੇਮ ਦੀਵਾਨਾ) — ਆਲ ਇੰਡੀਆ ਕਾਰ ਡੀਲਰਜ਼ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਨਿਊ ਹੁਸ਼ਿਆਰਪੁਰ ਕਾਰ ਡੀਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਤੇਜੀ ਨੇ ਵਾਹਨ ਪੋਰਟਲ ’ਤੇ ਪੁਰਾਣੀਆਂ ਗੱਡੀਆਂ ਦੀ ਆਰ.ਸੀ. ਟਰਾਂਸਫਰ ਦੌਰਾਨ ਆ ਰਹੀਆਂ ਤਕਨੀਕੀ ਸਮੱਸਿਆਵਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗੀ ਖਾਮੀਆਂ ਦਾ ਬੋਝ ਆਮ ਲੋਕਾਂ ’ਤੇ ਪਾਉਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਪੁਰਾਣੀਆਂ ਗੱਡੀਆਂ ਦੀ ਆਰ.ਸੀ. ਵਿੱਚ ਹਾਰਸ ਪਾਵਰ, ਵੀਲ੍ਹ ਬੇਸ ਅਤੇ ਹੋਰ ਤਕਨੀਕੀ ਵੇਰਵਿਆਂ ਦੀ ਕਮੀ ਕਾਰਨ ਲੋਕਾਂ ਨੂੰ ਵਾਧੂ ਫੀਸਾਂ ਭਰਨ ਦੇ ਨਾਲ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਜੇਕਰ ਇਹ ਵੇਰਵੇ ਪਹਿਲਾਂ ਪੋਰਟਲ ’ਤੇ ਅਪਡੇਟ ਨਹੀਂ ਕੀਤੇ ਗਏ ਤਾਂ ਇਸ ਵਿੱਚ ਵਾਹਨ ਮਾਲਕਾਂ ਦਾ ਕੀ ਕਸੂਰ ਹੈ? ਵਿਭਾਗ ਨੂੰ ਆਪਣੀਆਂ ਕਮੀਆਂ ਦੂਰ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਕਾਰ ਡੀਲਰ ਵੀ ਗਾਹਕਾਂ ਦੀ ਸਹੂਲਤ ਲਈ ਆਪਣੇ ਪੱਧਰ ’ਤੇ ਖਰਚਾ ਕਰਕੇ ਆਰ.ਸੀ. ਟਰਾਂਸਫਰ ਦੀ ਪ੍ਰਕਿਰਿਆ ਪੂਰੀ ਕਰਵਾਉਣ ਵਿੱਚ ਸਹਿਯੋਗ ਦਿੰਦੇ ਹਨ, ਪਰ ਸਰਕਾਰ ਵੱਲੋਂ ਵਾਰ-ਵਾਰ ਨਵੀਆਂ ਤਕਨੀਕੀ ਰੁਕਾਵਟਾਂ ਖੜ੍ਹੀਆਂ ਹੋਣ ਕਾਰਨ ਲੋਕਾਂ ਅਤੇ ਡੀਲਰਾਂ ਦੋਵਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਪੁਰਾਣੇ ਵਾਹਨਾਂ ਦਾ ਰਿਕਾਰਡ ਤੁਰੰਤ ਅਪਡੇਟ ਕੀਤਾ ਜਾਵੇ, ਬੇਲੋੜੀਆਂ ਸ਼ਰਤਾਂ ਅਤੇ ਵਾਧੂ ਖਰਚਿਆਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਅਤੇ ਆਰ.ਸੀ. ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ।