ਖੋਹਸ਼ੁਦਾ ਮੋਟਰਸਾਈਕਲ ਅਤੇ 10 ਜਿੰਦਾ ਰੌਂਦ ਬਰਾਮਦ, ਮਾੜੇ ਅਨਸਰਾਂ ਖਿਲਾਫ ਪੁਲਿਸ ਦੀ ਸਖ਼ਤ ਮੁਹਿੰਮ ਜਾਰੀ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ) – ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਤੁਸ਼ਾਰ ਗੁਪਤਾ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਅਤੇ ਐਸ.ਪੀ. (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਮਾਨ, ਐਸ.ਪੀ. (ਪੀ.ਬੀ.ਆਈ.) ਸਰਬਜੀਤ ਸਿੰਘ ਬਾਹੀਆ ਅਤੇ ਡੀ.ਐਸ.ਪੀ. (ਇਨਵੈਸਟੀਗੇਸ਼ਨ) ਜਤਿੰਦਰ ਚੌਹਾਨ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।
ਪੁਲਿਸ ਪਾਰਟੀ ਵੱਲੋਂ ਮਿਤੀ 05.10.2026 ਨੂੰ ਪਿੰਡ ਲਾਦੀਆਂ ਥਾਣਾ ਬਹਿਰਾਮ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ 30 ਬੋਰ, ਇੱਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ ਸਮੇਤ 10 ਜਿੰਦਾ ਰੌਂਦ ਅਤੇ ਇੱਕ ਖੋਹਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਬਹਿਰਾਮ ਵਿਖੇ ਮੁਕੱਦਮਾ ਨੰ: 135 ਮਿਤੀ 05.10.2026 ਜੁਰਮ 308(4), 351(2), 303(2), 48 ਬੀ ਐਨ ਐਸ ਅਤੇ 25(8) 25-54-1959 ਅਸਲਾ ਐਕਟ ਤਹਿਤ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ, ਸਤਨਾਮ ਸਿੰਘ ਉਰਫ ਸਾਬੀ ਪੁੱਤਰ ਕਿਸ਼ਨ ਸਿੰਘ ਵਾਸੀ ਨਡਾਲੋਂ ਥਾਣਾ ਮੇਹਟੀਆਣਾ ਹਾਲ ਵਾਸੀ ਰਾਮਪੁਰ ਥਾਣਾ ਸਦਰ ਬੰਗਾ ਅਤੇ ਤਰਲੋਚਨ ਸਿੰਘ ਉਰਫ ਤੇਜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਾਦੀਆਂ ਥਾਣਾ ਬਹਿਰਾਮ ਵਜੋਂ ਹੋਈ ਹੈ। ਇਸ ਮਾਮਲੇ ਵਿੱਚ 4 ਹੋਰ ਮੁਲਜ਼ਮਾਂ ਗੌਰਵ ਪਟਿਆਲ ਉਰਫ ਲੱਕੀ ਵਾਸੀ ਚੰਡੀਗੜ੍ਹ ਹਾਲ ਵਾਸੀ ਅਮਰੀਕਾ, ਬਲਜੀਤ ਸਿੰਘ ਉਰਫ ਬੱਲ ਵਾਸੀ ਭਰੋਲੀ ਥਾਣਾ ਬਹਿਰਾਮ ਹਾਲ ਵਾਸੀ ਇੰਗਲੈਂਡ, ਕਰਨ ਕੁਮਾਰ ਵਾਸੀ ਫਰਾਲਾ ਅਤੇ ਗੁਰਦੀਪ ਸਿੰਘ ਵਾਸੀ ਗੜ੍ਹਪਧਾਣਾ ਥਾਣਾ ਔੜ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਬਰਾਮਦਗੀ ਦਾ ਵੇਰਵਾ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਕੱਦਮਾ ਨੰਬਰ 120 ਮਿਤੀ 28.09.2026 ਥਾਣਾ ਸਿਟੀ ਬੰਗਾ ਵਿੱਚੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 03 ਜਿੰਦਾ ਰੌਂਦ ਅਤੇ ਮੁਕੱਦਮਾ ਨੰ: 135 ਥਾਣਾ ਬਹਿਰਾਮ ਵਿੱਚੋਂ ਇੱਕ ਪਿਸਤੌਲ 30 ਬੋਰ, ਇੱਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ, 10 ਜਿੰਦਾ ਰੌਂਦ ਅਤੇ ਖੋਹਸ਼ੁਦਾ ਮੋਟਰਸਾਈਕਲ ਦੀ ਕੁੱਲ ਬਰਾਮਦਗੀ ਹੋਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਕਰਨ ਰਾਮ ਉਰਫ ਅੱਲਾ ਪਹਿਲਾਂ ਤੋਂ ਹੀ ਕਈ ਸੰਗੀਨ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਖਿਲਾਫ ਥਾਣਾ ਸਦਰ ਬੰਗਾ ਵਿਖੇ 392, ਥਾਣਾ ਬਹਿਰਾਮ ਵਿਖੇ 379, 411, 483, ਥਾਣਾ ਮਾਹਿਲਪੁਰ ਵਿਖੇ ਅਸਲਾ ਐਕਟ ਅਤੇ ਥਾਣਾ ਮੁਕੰਦਪੁਰ ਤੇ ਥਾਣਾ ਸਿਟੀ ਬੰਗਾ ਵਿਖੇ ਐਨ ਡੀ ਪੀ ਐਸ ਐਕਟ ਤਹਿਤ 5 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।