
(ਪ੍ਰੇਮ ਗਰਗ) ਮਲੋਟ। ਭਾਰਤੀ ਰੋਲਰ ਸਕੇਟਿੰਗ ਮਹਾਂਸੰਘ (ਇੰਡੀਆ ਸਕੇਟ) ਵੱਲੋਂ ਨੈਸ਼ਨਲ ਚੈਂਪੀਅਨਸ਼ਿਪ 2022 ਜੋ ਕਿ ਬੈਂਗਲੁਰੂ ਵਿਖੇ ਕਰਵਾਈ ਗਈ। ਜਿਸ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਆਪਣੇ ਦਫ਼ਤਰ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਹੌਂਸਲਾ ਅਫ਼ਜਾਈ ਕੀਤੀ ਗਈ। ਪੰਜਾਬ ਦੀ ਅੰਡਰ 14 ਲੜਕੇ ਅਤੇ ਲੜਕੀਆਂ, ਅੰਡਰ 11 ਲੜਕੇ ਅਤੇ ਲੜਕੀਆਂ ਦੀ ਟੀਮਾਂ ਨੇ ਹਿੱਸਾ ਲਿਆ। ਇਸ ਖੇਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀਆਂ ਚਾਰੇ ਟੀਮਾਂ ਨੇ ਪੰਜਾਬ ਵੱਲੋਂ ਖੇਡਦੇ ਹੋਏ ਪਹਿਲਾ ਸਥਾਨ (ਗੋਲਡ ਮੈਡਲ) ਹਾਸਿਲ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਕੋਚ ਡੇਨੀ ਸਕਾਰੀਆ ਲਿਟਲ ਫਲਾਵਰ ਸਕੂਲ ਦੀ ਮਿਹਨਤ ਸਦਕਾ ਪੰਜਾਬ ਦੀ ਵੱਖ-ਵੱਖ ਟੀਮਾਂ ਵਿੱਚ ਹੋਣਹਾਰ ਬੱਚਿਆਂ ਨੇ ਜਗ੍ਹਾ ਬਣਾ ਕੇ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਬੇਂਗਲੁਰੂ ਵਿਖੇ ਰੌਸ਼ਨ ਕੀਤਾ। ਇਸ ਮੌਕੇ ਅੰਡਰ-14 (ਲੜਕੇ) ਵਿੱਚ (ਅਰਮਾਨਪਾਲ ਸਿੰਘ ਗੋਲ ਕੀਪਰ, ਬਬਨ ਸਾਮਾ, ਔਰਿਸ਼ ਲੂਥਰਾ), ਅੰਡਰ-14 ਲੜਕੀਆਂ ਦੀ ਟੀਮ ਵਿੱਚ (ਆਸਿਮ ਬਰਾੜ, ਮੌਲੀ, ਅਮਿਤੋਜ਼, ਮੇਹਰੀਨ ਗਿੱਲ, ਵੰਸ਼ਿਕਾ), ਅੰਡਰ-11 (ਲੜਕੇ) ਦੀ ਟੀਮ ਵਿੱਚ ਗੌਰਵ ਬਾਂਸਲ, ਸਮਰਥ ਸਿੰਘ, ਅੰਡਰ-14 ਲੜਕੀਆਂ ਦੀ ਟੀਮ ਵਿੱਚ ਜਗਜੀਵਨਜੋਤ ਕੌਰ, ਅਮਾਨਾ ਬਰਾੜ, ਸੀਰਤ ਕੌਰ ਨੇ ਹਿੱਸਾ ਲਿਆ। ਇਸੇ ਤਰ੍ਹਾਂ ਅੰਡਰ-17 (ਲੜਕੇ) ਦੀ ਟੀਮ ਵਿੱਚ ਮਹਿਤਾਬ ਖੋਸਾ, ਅੰਸ਼ੁਲ ਖੱਟਰ ਅਤੇ ਅੰਡਰ-17 ਲੜਕੀਆਂ ਦੀ ਟੀਮ ਵਿੱਚ ਕ੍ਰਿਸ਼ਟਾ, ਸ਼ੁਭਰੀਤ ਨੇ ਹਿੱਸਾ ਲਿਆ।