*ਖਸਤਾ ਹਾਲਤ ਸੜਕਾਂ ਦੇ ਵਿਰੋਧ ’ਚ 16ਵੇਂ ਦਿਨ ‘ਬੀਬੀਆਂ’ ਨੇ ਕੀਤੀ ਭੁੱਖ ਹੜਤਾਲ*

Share and Enjoy !

Shares
*- ਆਉਂਦੀਆਂ ਨਗਰ ਕੌਂਸਲ ਚੋਣਾਂ ’ਚ ‘ਸਰਕਾਰ ਖਿਲਾਫ਼’ ਤਿੱਖਾ ਵਿਰੋਧ ਜਤਾਵਾਂਗੇ – ਸੰਘਰਸ਼ ਕਮੇਟੀ*
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਠ੍ਹਰਦੀ ਠੰਢ ਦੇ ਬਾਵਜੂਦ ਖਸਤਾ ਹਾਲਤ ਸੜਕਾਂ ਦੇ ਵਿਰੋਧ ’ਚ ਭੁੱਖ ਹੜਤਾਲ ਤੇ ਰੋਸ ਧਰਨਾ ਲਗਾਤਾਰ ਜਾਰੀ ਹੈ, ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਨੂੰ ਇਸਦੀ ਰੱਤਾ ਭਰ ਵੀ ਚਿੰਤਾ ਨਹੀਂ ਹੈ, ਪਰ ਇਲਾਕੇ ਦੇ ਲੋਕਾਂ ਦੀ ਸ਼ਮੂਲੀਅਤ ਵੱਧਦੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸੰਘਰਸ਼ ਦੇ ਆਗੂ ਨੀਰਜ ਸਿਹਾਲਾ, ਹਰਬੰਸ ਲਾਲ ਚਾਨਣਾ, ਸਰਬਜੀਤ ਸਿੰਘ ਲੌਂਗੀਆ, ਪਰਮਜੀਤ ਸਿੰਘ ਨੀਲੋਂ, ਰਜਿੰਦਰ ਕੁਮਾਰ ਅਤੇ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਰੋਸ ਧਰਨੇ ਦਾ 21ਵਾਂ ਅਤੇ ਭੁੱਖ ਹੜਤਾਲ ਦਾ 16ਵਾਂ ਦਿਨ ਸੀ, ਜਿਸ ਵਿਚ ਅੱਜ ਬੀਬੀਆਂ ਵੱਲੋਂ ਸੇਵਾ ਨਿਭਾਈ ਗਈ, ਜਿਨ੍ਹਾਂ ਵਿਚ ਕੁਲਵੰਤ ਕੌਰ ਨੀਲੋਂ, ਸਾਧਵੀ ਰਾਣੀ, ਰਣਜੀਤ ਕੌਰ, ਵੀਨਾ ਰਾਣੀ, ਮੀਨਾ ਰਾਣੀ ਅਤੇ ਰਾਜ ਕੌਰ ਭੁੱਖ ਹੜਤਾਲ ’ਤੇ ਬੈਠੀਆਂ। ਭੁੱਖ ਹੜਤਾਲ ’ਤੇ ਬੈਠੀਆਂ ਇਨ੍ਹਾਂ ਬੀਬੀਆਂ ਦਾ ਕਹਿਣਾ ਹੈ ਕਿ ਅਸੀਂ ਮਾਈ ਭਾਗੋ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਗੁਰੂ ਨਗਰੀ ਦੀਆਂ ਖਸਤਾ ਹਾਲਤ ਸੜਕਾਂ ਦਾ ਵਿਰੋਧ ਜਤਾਇਆ ਹੈ, ਜੇਕਰ ਇਹ ਵੀਰ ਰੋਜ਼ਾਨਾ ਭੁੱਖ ਹੜਤਾਲ ਕਰਦੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਵੀ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਅਸੀਂ ਹੋਰ ਬੀਬੀਆਂ ਨੂੰ ਵੀ ਪ੍ਰੇਰਿਤ ਕਰਕੇ ਇਸ ਭੁੱਖ ਹੜਤਾਲ ਦਾ ਹਿੱਸਾ ਬਣਾਵਾਂਗੇ, ਦਸਮ ਪਾਤਸ਼ਾਹ ਜੀ ਦੀ ਧਰਤੀ ਦੀ ਸੁੰਦਰਤਾ ਲਈ ਉਲੀਕੇ ਗਏ ਇਸ ਸੰਘਰਸ਼ ਨੂੰ ਬੀਬੀਆਂ ਵੀ ਆਪਣਾ ਭਰਪੂਰ ਸਮਰਥਨ ਦੇਣਗੀਆਂ। ਭੁੱਖ ਹੜਤਾਲ ਦੇ 17ਵੇਂ ਦਿਨ ਕੱਲ੍ਹ 28 ਦਸੰਬਰ ਨੂੰ ਗੁਰਪ੍ਰੀਤ ਸਿੰਘ ਮਾਨ, ਰਵਿੰਦਰਪਾਲ ਸਿੰਘ ਅਤੇ ਜਰਨੈਲ ਸਿੰਘ ਭੁੱਖ ਹੜਤਾਲ ’ਤੇ ਬੈਠਣਗੇ।
ਇਸ ਮੌਕੇ ਜਥੇ: ਅਮਰਜੀਤ ਸਿੰਘ ਬਾਲਿਓਂ, ਰਾਜੇਸ਼ ਲੀਹਲ, ਪਰਮਿੰਦਰ ਤਿਵਾੜੀ, ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਹੈਰਾਨੀਜਨਕ ਗੱਲ ਹੈ ਕਿ ਸੰਘਰਸ਼ਾਂ ’ਚੋਂ ਨਿੱਤਰ ਕੇ ਅੱਗੇ ਵਿਧਾਇਕ ਬਣਨ ਵਾਲਾ ਜਗਤਾਰ ਸਿੰਘ ਦਿਆਲਪੁਰਾ ਆਪਣਾ ਸਮਾਜਿਕ ਰੁਤਬਾ ਕਿਵੇਂ ਭੁੱਲ ਗਿਆ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਇਸੇ ਇਨਸਾਨ ਦੇ ਬਿਆਨ ਤੇ ਭਾਸ਼ਣ ਕੁਝ ਹੋਰ ਹੁੰਦੇ ਸੀ, ਪ੍ਰੰਤੂ ਜਦੋਂ ਖੁਦ ਨੂੰ ਸੱਤਾ ਭੋਗਣ ਦਾ ਸਮਾਂ ਮਿਲਿਆ ਤਾਂ ਹੁਣ ਲੋਕ ਹਿੱਤਾਂ ਤੋਂ ਆਪਣੇ ਆਪ ਨੂੰ ਲਾਂਭੇ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਹ ਕੋਈ ਵੱਡੀ ਸਿਆਣਪ ਨਹੀਂ ਹੈ ਕਿ ਵਿਧਾਇਕ ਲੋਕਾਂ ਕੋਲ ਆਵੇ ਹੀ ਨਾ ਅਤੇ ਉਨ੍ਹਾਂ ਦੇ ਦੁੱਖ-ਦਰਦ ਸੁਣੇ ਹੀ ਨਾ, ਇਸ ਤੋਂ ਮੰਦਭਾਗੀ ਗੱਲ ਹਲਕਾ ਸਮਰਾਲਾ ਦੇ ਲੋਕਾਂ ਲਈ ਹੋ ਹੀ ਨਹੀਂ ਸਕਦੀ। ਕੰਮ ਕਰਨੇ ਕਰਾਉਣੇ ਤਾਂ ਬਾਅਦ ਦੀ ਗੱਲ ਹੈ, ਸਮੱਸਿਆਵਾਂ ਨੂੰ ਸੁਣਨ ਲਈ ਤਾਂ ਕਿਸੇ ਗ੍ਰਾਂਟ ਜਾਂ ਇਜਾਜ਼ਤ ਦੀ ਲੋੜ ਨਹੀਂ ਹੁੰਦੀ, ਇਹ ਵਰਤਾਰਾ ਬਹੁਤ ਬੁਰਾ ਹੈ, ਇਸ ਨੂੰ ਵਿਧਾਇਕ ਸਮਰਾਲਾ ਜਿੰਨੀ ਜਲਦੀ ਬਦਲ ਸਕਦੇ ਹਨ, ਓਨੀ ਜਲਦੀ ਬਦਲ ਦੇਣ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਨਤੀਜੇ ਹੁਣ ਤੋਂ ਹੀ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ, ਕਿਉਂਕਿ ਲੋਕਾਂ ਵਿਚ ਰੋਹ ਵੱਧਦਾ ਜਾ ਰਿਹਾ ਹੈ, ਜਿਸਦਾ ਸਿੱਧਾ ਨੁਕਸਾਨ ਸੱਤਾਧਾਰੀ ਪਾਰਟੀ ਨੂੰ ਹੀ ਝੇਲਣਾ ਪਵੇਗਾ।
ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਵਾਲੀਆਂ ਬੀਬੀਆਂ ਦਾ ਲੋਈਆਂ ਪਾ ਕੇ ਸਨਮਾਨ ਕੀਤਾ ਗਿਆ ਅਤੇ ਕਿਹਾ ਕਿ ਇਤਿਹਾਸ ਵਿਚ ਵੀ ਬੀਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਅੱਜ ਇਸ ਭੁੱਖ ਹੜਤਾਲ ਵਿਚ ਬੀਬੀਆਂ ਦਾ ਚੜ੍ਹਦੀ ਕਲਾ ਵਾਲਾ ਉਤਸ਼ਾਹ ਦੇਖ ਕੇ ਮਨ ਖੁਸ਼ ਵੀ ਹੈ ਅਤੇ ਸਰਕਾਰ ਤੇ ਪ੍ਰਸਾਸਨ ਵੱਲੋਂ ਸਾਰ ਨਾ ਲਏ ਜਾਣ ਦਾ ਦੁੱਖ ਵੀ। ਉਨ੍ਹਾਂ ਕਿਹਾ ਕਿ ਸਾਡੀ ਮੰਦਰ ਕਮੇਟੀ ਸੜਕਾਂ ਲਈ ਸੰਘਰਸ਼ ਛੇੜੀ ਬੈਠੇ ਇਨ੍ਹਾਂ ਜੁਝਾਰੂਆਂ ਨਾਲ ਹਰ ਸਮੇਂ ਡਟ ਕੇ ਸਾਥ ਨਿਭਾਏਗੀ। ਅੱਜ ਦੇ ਰੋਸ ਧਰਨੇ ’ਚ ਅੰਮ੍ਰਿਤਪਾਲ ਸਮਰਾਲਾ, ਰਮੇਸ਼ ਸ਼ਰਮਾ, ਅਸ਼ੋਕ ਮਨੋਚਾ, ਡਾ. ਦਰਸ਼ਨ ਸਿੰਘ ਨੰਬਰਦਾਰ, ਬਲਬੀਰ ਸਿੰਘ ਢਿੱਲੋਂ, ਡਾ. ਅਮਰਜੀਤ ਸਿੰਘ, ਰਜਵੰਤ ਸਿੰਘ ਗਿੱਲ, ਹਰਚੰਦ ਸਿੰਘ ਗਿੱਲ, ਜੋਗਿੰਦਰ ਸਿੰਘ, ਸਤਪਾਲ, ਰੁਪਿੰਦਰ ਸਿੰਘ, ਹਰਚਰਨ ਸਿੰਘ, ਜਗਵੀਰ ਸਿੰਘ, ਰਾਜੀਵ ਜੈਨ, ਮਨਜੀਤ ਸਿੰਘ ਲੌਂਗੀਆ, ਸ਼ਾਮ ਲਾਲ ਕੁੰਦਰਾ, ਮਲਕੀਤ ਸਿੰਘ, ਪ੍ਰੇਮ ਚੰਦ, ਰਣਜੀਤ ਸਿੰਘ ਰਵੀ, ਬਵਨਦੀਪ ਸਿੰਘ ਨੀਲੋਂ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਸੁਖਦੇਵ ਸਿੰਘ, ਚਮਨ ਲਾਲ, ਗੁਰਵਿੰਦਰ ਸਿੰਘ, ਮਦਨ ਲਾਲ ਬਿੱਟੂ, ਕਿ੍ਰਸ਼ਨ ਦਿਆਲ, ਬਲਦੇਵ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.