
ਫਗਵਾੜਾ (ਸ਼ਿਵ ਕੋੜਾ) ਭਾਰਤੀ ਸਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਨ ਦੀ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਵੀਡਿਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨਾਲ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਵਾਇਰਲ ਹੋਈ ਇਸ ਵੀਡਿਓ ਵਿੱਚ ਉਕਤ ਵਿਅਕਤੀ ਜਿੱਥੇ ਬਾਬਾ ਸਾਹਿਬ ਨੂੰ ਗਾਲੀ ਗਲੋਚ ਕਰ ਰਿਹਾ ਹੈ, ਉੱਥੇ ਹੀ ਦਲਿਤ ਭਾਈਚਾਰੇ ਖਿਲਾਫ ਵੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਕਤ ਵਿਅਕਤੀ ਵੱਲੋਂ ਵਰਤੀ ਜਾ ਰਹੀ ਇਸ ਗਲਤ ਸ਼ਬਦਾਵਲੀ ਦੇ ਵਿਰੋਧ ਵਿੱਚ ਅੰਬੇਡਕਰ ਸੈਨਾ ਮੂਲ ਨਿਵਾਸੀ, ਗੁਰੂ ਰਵਿਦਾਸ ਟਾਈਗਰ ਫੋਰਸ, ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਅਤੇ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕੀਤਾ ਗਿਆ। ਇਸ ਦੌਰਾਨ ਜਿੱਥੇ ਸਮੂਹ ਦਲਿਤ ਭਾਈਚਾਰੇ ਵੱਲੋਂ ਉਕਤ ਵਿਅਕਤੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ, ਉਥੇ ਹੀ ਸਮੂਹ ਆਗੂਆਂ ਨੇ ਫਗਵਾੜਾ ਦੀ ਫੇਰੀ ਤੇ ਆਏ ਐੱਸ.ਪੀ. ਹੈੱਡਕੁਆਟਰ ਹਰਪ੍ਰੀਤ ਸਿੰਘ ਬੈਨੀਪਾਲ ਨੂੰ ਮੰਗ ਪੱਤਰ ਵੀ ਦਿੱਤਾ। ਜਿਸ ਵਿਚ ਉਕਤ ਵਿਅਕਤੀ ਦੀ ਭਾਲ ਕਰਕੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦੇ ਪ੍ਰਧਾਨ ਹਰਭਜਨ ਸੁੰਮਨ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਯਸ਼ ਬਰਨਾ ਨੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲ ਸਮੂਹ ਦਲਿਤ ਭਾਈਚਾਰੇ ਅਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਪੈਰੋਕਾਰਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਇਸ ਮਾੜੀ ਮਾਨਸਿਕਤਾ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ ਅਤੇ ਇਸ ਨੂੰ ਸਖਤ ਸਜਾ ਦੁਆਈ ਜਾਵੇਗੀ। ਉਹਨਾਂ ਮੰਗ ਕੀਤੀ ਕਿ ਉਕਤ ਵਿਅਕਤੀ ਖਿਲਾਫ ਪਰਚਾ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਅਜਿਹੀ ਮਾੜੀ ਹਰਕਤ ਕਰਨ ਦੀ ਜੁਅਰਤ ਨਾ ਕਰ ਸਕੇ। ਇਸ ਮੌਕੇ ਧਰਮਵੀਰ ਸੇਠੀ, ਅਮਰਜੀਤ ਸਮੇਤ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਲੋਕ ਹਾਜਰ ਸਨ।