
ਹੀਰੋਂ ਖ਼ੁਰਦ , (ਗੁਰਵਿੰਦਰ ਸਿੰਘ ਚਹਿਲ) : ਪਿੰਡ ਕੁਲਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥੀ ਪਾਠਕ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਲੌਂਗ-ਲਾਚੀ ਫੇਮ ਸ਼ਾਇਰ ਹਰਮਨਜੀਤ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਅਤੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਜੀ ਆਇਆ ਨੂੰ ਕਹਿੰਦਿਆ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਦੀ ਇਛਾ ਸੀ ਸਾਹਿਤਕ ਤੇ ਗੀਤਕਾਰੀ ਖੇਤਰ ਦੀ ਨੌਜਵਾਨ ਹਸਤੀ ਹਰਮਨਜੀਤ ਨਾਲ ਰੂ-ਬਰੂ ਕੀਤਾ ਜਾਵੇ। ਉਨਾਂ ਨੇ ਸਕੂਲ ਦੀਆਂ ਪ੍ਰਾਪਤੀਆਂ,ਗਤੀਵਿਧੀਆਂ ਬਾਰੇ ਵੀ ਜਾਣਕਾਰੀ ਮਹਿਮਾਨਾਂ ਸਾਹਮਣੇ ਰੱਖੀ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਜੇਤੂ ਸ਼ਾਇਰ ਹਰਮਨਜੀਤ ਨੇ ਕਿਹਾ ਕਿ ਮੈਨੂੰ ਵਿਦਿਆਰਥੀਆਂ ਦੇ ਨਾਲ ਗੱਲਾਂ ਕਰਕੇ ਬੜਾ ਚੰਗਾ ਲਗਦਾ ਹੈ।ਉਨਾਂ ਇਹ ਵੀ ਕਿਹਾ ਕਿ ਉਨਾਂ ਨੂੰ ਗੀਤਕਾਰ ਨਾਲੋਂ ਸ਼ਾਇਰ ਜਾਂ ਕਵੀ ਕਹਾਉਣਾ ਚੰਗਾ ਲਗਦਾ ਹੈ ਕਿਉਂਕਿ ਉਹ ਸਾਹਿਤਕ ਖੇਤਰ ਦਾ ਬੰਦਾ ਹੈ। ਹਰਮਨਜੀਤ ਨੇ ਆਪਣੀ ਸ਼ਾਇਰੀ ਦੀ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਫੁੱਲਾਂ, ਬਗੀਚਿਆਂ, ਪੱਥਰਾਂ, ਕੰਧਾਂ, ਕਮਰਿਆਂ ਤੇ ਇਸ ਸੰਸਾਰ ਦੇ ਬੰਦਿਆਂ ਨਾਲ ਮੋਹ ਹੈ, ਜਿਸ ਵਿਚੋਂ ਹੀ ਸ਼ਾਇਰੀ ਨਿਕਲਦੀ ਹੈ। ਉਸ ਨੇ ਆਪਣੀ ਸ਼ਾਇਰੀ ਦੇ ਵੱਖ ਵੱਖ ਰੰਗਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਆਪਣੀਆਂ ਮਨਪਸੰਦ ਦੀਆਂ ਪੁਸਤਕਾਂ ਪੜ੍ਹਣ ਲਈ ਪ੍ਰੇਰਿਆ।ਸ਼ਾਇਰ ਨੇ ਵਨੌਜਵਾਨਾਂ ਨੂੰ ਵੱਖਰੇ ਢੰਗ ਨਾਲ ਸੋਚਣ ਅਤੇ ਵੱਖਰੀ ਦ੍ਰਿਸ਼ਟੀ ਨਾਲ ਦੇਖਣ ਲਈ ਕਿਹਾ ਤਾਂ ਜੋ ਉਹ ਸੀਮਤ ਦਅਰਿਆਂ ਤੋਂ ਹੱਟਕੇ ਹਰੇਕ ਚੀਜ ਦੀ ਅਪਣੀ ਪਰਿਭਾਸ਼ਾ ਰਚਣ।ਉਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਚੋਣਵੇਂ ਗੀਤ ਤੇ ਸ਼ਾਇਰੀ ਵੀ ਸੁਣਾਈ। ਪ੍ਰੋ. ਗੁਰਦੀਪ ਸਿੰਘ ਢਿਲੋਂ ਹਰਮਨਜੀਤ ਦੀ ਸ਼ਾਇਰੀ ਦੇ ਵਿਭਿੰਨ ਪੱਖਾਂ ਨੂੰ ਉਭਾਰਦਿਆਂ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ।ਉਨਾਂ ਕਿਹਾ ਕਿ ਹਰਮਨ ਦੀ ਸ਼ਾਇਰੀ ਵੱਖਰੀ ਕਿਸਮ ਤੇ ਵੱਖਰੀ ਭਾਂਤ ਦੀ ਸ਼ਾਇਰੀ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ। ਇਹ ਆਪਣੇ ਆਪ ਵਿਚ ਵੱਡੀ ਗੱਲ ਹੈ। ਡਾ. ਸਤਗੁਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਕੁਲਰੀਆਂ ਸਕੂਲ ਦੀਆਂ ਗਤੀਵਿਧੀਆਂ ਤੋਂ ਮੈਂ ਸਦਾ ਹੀ ਪ੍ਰਭਾਵਿਤ ਰਿਹਾ ਹਾਂ। ਅੱਜ ਦਾ ਸਮਾਗਮ ਬਹੁਤ ਸ਼ਾਨਦਾਰ ਰਿਹਾ ਹੈ। ਹਰਮਨ ਦੀ ਸ਼ਾਇਰੀ ਭਾਵੇਂ ਮੈਨੂੰ ਸਮਝ ਘਟ ਆਉਂਦੀ ਹੈ ਪਰ ਇਸ ਦਾ ਨਾਂ ਦੇਸ਼ ਵਿਦੇਸ਼ ਵਿਚ ਚਲਦਾ ਹੈ ਤਾਂ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇਸ ‘ਤੇ ਮਾਣ ਮਹਿਸੂਸ ਹੁੰਦਾ ਹੈ। ਹਰਮਨ ਨੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਦੁਨੀਆਂ ਵਿਚ ਬੁਲੰਦ ਕੀਤਾ ਹੈ।ਉਹਨਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ ਤੇ ਇਹ ਉਨਾਂ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਦੇ ਹਨ। ਇਸ ਮੌਕੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਹਰਮਨਜੀਤ ਨੇ ਬਾਖੂਬੀ ਢੰਗ ਨਾਲ ਦਿਤੇ। ਅਪਣੀਆਂ ਕੁੱਝ ਰਚਨਾਵਾਂ ਤਰੰਨਮ ਵਿੱਚ ਪੇਸ਼ ਕੀਤੀਆਂ । ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਰਾਣੀਤੱਤ ਚਰਚਿਤ ਕਿਤਾਬ ਵਿੱਚੋਂ ਰਚਨਾਵਾਂ ਦਾ ਪਾਠ ਕੀਤਾ । ਕੋਰੀਓਗਰਾਫੀ ਅਤੇ ਨੁੱਕੜ ਨਾਟਕ ਵੀ ਖਿੱਚ ਦਾ ਕੇਂਦਰ ਬਣੇ ਰਹੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ,ਜ਼ਿਲ੍ਹਾ ਕੋਆਪਰੇਟਿਵ ਸੋਸਾਇਟੀ,ਕੇਵਲ ਸਿੰਘ,ਸੰਦੀਪ ਕੁਮਾਰ,ਅਮਰੀਕ ਸਿੰਘ, ਪਰਵਿੰਦਰ ਧਾਲੀਵਾਲ,ਜਗਦੀਪ ਸਿੰਘ, ਦੇਸਰਾਜ ਸਿੰਘ,ਅਜੇ ਸ਼ਰਮਾ,ਸਰੋਜ ਕੁਮਾਰੀ , ਮੀਨਾ,ਵਿਨੇ ਬਾਂਸਲ,ਸਰਦੂਲ ਚਹਿਲ, ਚਰਨਜੀਤ,ਲਾਇਬਰੇਰੀਅਨ ਸੁਰਿੰਦਰ ਕੌਰ ,ਮੇਜਰ ਸਿੰਘ,ਰਾਜੀਵ,ਅਜੀਜ਼ ਸਰੋਏ ਨੇ ਵੀ ਸੰਬੋਧਨ ਕੀਤਾ।ਮੰਚ ਸੰਚਾਲਨ ਕੁਲਜੀਤ ਪਾਠਕ ਅਤੇ ਕੇਵਲ ਸਿੰਘ ਵੱਲੋਂ ਸਾਂਝੇ ਰੂਪ ‘ਚ ਕੀਤਾ ਗਿਆ।ਆਏ ਮਹਿਮਾਨਾਂ ਨੂੰ ਸਕੂਲ ਸਟਾਫ ਵਲੋਂ ਯਾਦ ਚਿੰਨ੍ਹ ਦਿੱਤੇ ਗਏ।