

ਤਰਨ ਤਾਰਨ ( ਸੁਰਿੰਦਰ ਸਿੰਘ ਸਿੱਧੂ ) : ਨਜਦੀਕੀ ਪਿੰਡ ਰਸੂਲਪੁਰ (ਨਹਿਰਾਂ) ਵਿਖੇ ਸਸ਼ੋਭਿਤ ਸੁੰਦਰ ਗੁਰਦੁਆਰਾ ਧੰਨ ਧੰਨ ਬਾਬਾ ਸ਼ਹੀਦ ਸਿੰਘ ਜੀ ਸ਼ਹੀਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਸ਼ਹੀਦ ਸਿੰਘ ਜੀ ਸ਼ਹੀਦ ਦਾ ਸਾਲਾਨਾ ਧਾਰਮਿਕ ਜੋੜ ਮੇਲਾ ਨਗਰ ਰਸੂਲਪੁਰ ਨਿਵਾਸੀਆਂ ਵੱਲੋਂ ਦੀਨਪੁਰ, ਜੰਡੋਕੇ ਸਰਹਾਲੀ ਸਮੇਤ ਇਲਾਕੇ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲਾ ਪ੍ਰਬੰਧਕ ਸਮੂਹ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਸਬੰਧੀ ਗੁਰਦੁਆਰਾ ਸਾਹਿਬ ਵਿਚ ਰੱਖੇ 5 ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਬਾਅਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਨਿਰੋਲ ਧਾਰਮਿਕ ਦੀਵਾਨ ਸੱਜਿਆ, ਜਿਸ ਵਿਚ ਪੰਥ ਪ੍ਰਸਿੱਧ ਕੇਵਲ ਸਿੰਘ ਮਹਿਤਾ (ਸੋਹੀ ਭਰਾਵਾਂ) ਦੇ ਕਵੀਸ਼ਰੀ ਜਥੇ, ਭਾਈ ਸੁਖਵਿੰਦਰ ਸਿੰਘ ਅਰਸ਼ੀ ਕਵੀਸ਼ਰੀ ਜਥਾ ਅਤੇ ਭਾਈ ਗੁਰਵਿੰਦਰ ਸਿੰਘ ਅਨਮੋਲ ਢਾਡੀ ਆਦਿ ਸਮੇਤ ਬਹੁਤ ਸਾਰੇ ਹੋਰਨਾਂ ਜਥਿਆਂ ਨੇ ਪੰਡਾਲ ਵਿਚ ਜੁੜ ਬੈਠੀ ਸੰਗਤ ਨੂੰ ਗੁਰਬਾਣੀ ਗੁਰੂ ਜਸ ਸੁਣਾ ਕੇ ਨਿਹਾਲ ਕਰਨ ਦੇ ਨਾਲ ਨਾਲ ਬਾਬਾ ਸ਼ਹੀਦ ਸਿੰਘ ਜੀ ਸ਼ਹੀਦ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੱਥਿਆਂ ਸਮੇਤ ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ। ਅਖੀਰ ਵਿਚ ਪ੍ਰਬੰਧਕ ਸੇਵਾਦਾਰਾਂ ਨੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।