ਜੇ.ਪੀ.ਐੱਮ.ਓ. ਦੀ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਆਯੋਜਿਤ**

Share and Enjoy !

Shares
–
21 ਤੋਂ 23 ਅਗੱਸਤ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਨ ਦਾ ਫ਼ੈਸਲਾ**
 ਜਲੰਧਰ| ਭਾਜਪਾ ਦੀ ਕੇਂਦਰੀ ਸਰਕਾਰ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਕੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਰਹੀ ਹੈ। ਇਕ ਪਾਸੇ ਰੁਪਏ ਦੀ ਕੀਮਤ ’ਚ ਵੱਡੀ ਗਿਰਾਵਟ, ਵਿਦੇਸ਼ੀ ਸਿੱਕੇ ਦੇ ਭੰਡਾਰਾਂ ’ਚ ਕਮੀ ਤੇ ਵੱਧ ਰਹੇ ਸਿੱਕੇ ਦਾ ਪਸਾਰਾ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ; ਦੂਜੇ ਬੰਨ੍ਹੇ ਲੱਕ ਤੋੜ ਮਹਿੰਗਾਈ ਤੇ ਬੇਰੁਜ਼ਗਾਰੀ ’ਚ ਅਥਾਹ ਵਾਧੇ ਨੇ ਭਾਰਤੀ ਲੋਕਾਂ ਦੇ ਜੀਵਨ ਨੂੰ ਸੰਕਟ ਦੀ ਡੂੰਘੀ ਖੱਡ ’ਚ ਸੁੱਟ ਦਿੱਤਾ ਹੈ। ਉਕਤ ਪ੍ਰਗਟਾਵਾ ‘ਜਨਤਕ ਜਥੇਬੰਦੀਆਂ ਦਾ ਸਾਂਝੇ ਮੰਚ’ (ਜੇ.ਪੀ.ਐਮ.ਓ.) ਦੀ ਸੂਬਾਈ ਨੁੰਮਾਇਦਾ ਕਨਵੈਨਸ਼ਨ ’ਚ ਬੋਲਦਿਆਂ ਵੱਖ-ਵੱਖ ਆਗੂਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦਾ ਨਿੱਜੀਕਰਨ ਕਰਕੇ, ਠੇਕੇਦਾਰੀ ਪ੍ਰਥਾ ਲਾਗੂ ਕਰਨ ਰਾਹੀਂ ਪੱਕੀਆਂ ਨੌਕਰੀਆਂ ਦਾ ਭੋਗ ਪਾ ਕੇ ਤੇ ਪੈਨਸ਼ਨ ਦਾ ਖਾਤਮਾ ਕਰਕੇ ਮੋਦੀ ਸਰਕਾਰ ਨੇ ਦੇਸ਼ ਦੀ ਸਮੁੱਚੀ ਕਿਰਤੀ ਜਮਾਤ ਦੀ ਮਿਹਨਤ ਨਾਲ ਖੜ੍ਹੀ ਕੀਤੀ ਆਰਥਿਕਤਾ ਨੂੰ ਖੋਖਲਾ ਕਰ ਦਿੱਤਾ ਹੈ। ਰੇਲਵੇ ਤੇ ਬਿਜਲੀ ਖੇਤਰਾਂ ਦੇ ਨਿੱਜੀਕਰਨ ਨੇ ਲੱਖਾਂ ਕਿਰਤੀਆਂ ਤੇ ਕਾਮਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਕੇਂਦਰੀ ਤੇ ਸੂਬਾਈ ਸਰਕਾਰੀ ਮੁਲਾਜ਼ਮਾਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹਰ ਰੋਜ਼ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਦਾ ਪਰਦਾ ਫਾਸ਼ ਕਰਦੇ ਹੋਏ ਪੁਲਿਸ ਡਾਂਗਾਂ ਦੀ ਮਾਰ ਝੱਲ ਰਹੇ ਹਨ। ਬੁਲਾਰਿਆਂ ਨੇ ਮਿੱਲ ਮਜ਼ਦੂਰਾਂ, ਖੇਤੀ ਕਾਮਿਆਂ ਤੇ ਹੋਰ ਮਿਹਨਤੀ ਵਰਗਾਂ ਦੀ ਮਹਿੰਗਾਈ ਤੇ ਬੇਕਾਰੀ ਕਾਰਨ ਹੋ ਰਹੀ ਮੰਦਹਾਲੀ, ਕਿਸਾਨੀ ਸੰਕਟ, ਮਹਿੰਗੀ ਵਿੱਦਿਆ ਤੇ ਸਿਹਤ ਸਹੂਲਤਾਂ ਦੀ ਅਣਹੋਂਦ ਦਾ ਜ਼ਿਕਰ ਕਰਦਿਆਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦੇਣ ਲਈ ਸਾਂਝੇ ਸੰਘਰਸ਼ਾਂ ਦੀ ਉਸਾਰੀ ਕਰਨ।
ਸਰਵਸਾਥੀ ਨੱਥਾ ਸਿੰਘ (ਸੀ.ਟੀ.ਯੂ. ਪੰਜਾਬ), ਗੁਰਨਾਮ ਸਿੰਘ ਦਾਊਦ (ਦਿਹਾਤੀ  ੲਮਜ਼ਦੂਰ ਸਭਾ), ਡਾ. ਸਤਨਾਮ ਸਿੰਘ ਅਜਨਾਲਾ (ਜਮਹੂਰੀ ਕਿਸਾਨ ਸਭਾ), ਸ਼ਿਵ ਦੱਤ ਸ਼ਰਮਾ (ਨਾਰਦਰਨ ਰੇਲਵੇ ਮੈਨਜ਼ ਯੂਨੀਅਨ), ਧਰਮਿੰਦਰ ਸਿੰਘ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਸੁਰਿੰਦਰ ਜੈਪਾਲ (ਜਨਵਾਦੀ ਇਸਤਰੀ ਸਭਾ), ਕੁਲਦੀਪ ਦੌੜਕਾ (ਪੀ.ਐਸ.ਐਸ.ਐਫ.), ਗਗਨ ਮਾਨਸਾ (ਪੀ.ਐਸ.ਐਫ.), ਸੁਰਿੰਦਰ ਕੁਮਾਰ (ਟੀ.ਐਸ.ਯੂ.) ਤੇ ਮੰਗਤ ਰਾਮ ਪਾਸਲਾ (ਸੀ.ਟੀ.ਯੂ.) ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦੇ ਕੇ ਦੇਸ਼ ਦੇ ਧਰਮ ਨਿਰਪੱਖ, ਜਮਹੂਰੀ ਤੇ ਸੰਘੀ ਢਾਂਚੇ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਦੀ ‘ਆਪ ਸਰਕਾਰ’ ਦੀ ਕਹਿਣੀ ਤੇ ਕਰਨੀ ’ਚ ਵੱਡਾ ਫਰਕ ਨੋਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਪੁਰਾਣੀ ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰ ਨਾਲੋਂ ਨਾ ਤਾਂ ਨੀਤੀਆਂ ਦੇ ਪੱਖ ਤੋਂ ਕੋਈ ਅੰਤਰ ਹੈ ਤੇ ਨਾ ਹੀ ‘ਆਪ’ ਸਰਕਾਰ ਹੱਕ ਮੰਗਦੇ ਲੋਕਾਂ ਦਾ ਦਮਨ ਕਰਨ ਪੱਖੋਂ ਕੋਈ ਕਮੀ ਰੱਖ ਰਹੀ ਹੈ।
ਸਾਥੀ ਪਰਗਟ ਸਿੰਘ ਜਾਮਾਰਾਏ ਨੇ 31 ਜੁਲਾਈ ਦੇ ਸੰਯੁਕਤ ਕਿਸਾਨ ਮੋਰਚੇ ਦੇ ਚੱਕਾ ਜਾਮ ਦੇ ਸੱਦੇ ’ਤੇ ਦਿਹਾਤੀ ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ ਲੜੇ ਜਾ ਰਹੇ ਸੰਘਰਸ਼ ਨੂੰ ਕਾਮਯਾਬ ਕਰਨ ਅਤੇ ਦੇਸ਼ ਭਰ ਦੀਆਂ ਜੇਲ੍ਹਾਂ ’ਚ ਬੰਦ ਬੇਦੋਸ਼ੇ ਲੋਕਾਂ, ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ ਤੇ ਸਜ਼ਾ ਪੂਰੀ ਕਰ ਚੁੱਕੇ ਵਿਅਕਤੀਆਂ ਦੀ ਤੁਰੰਤ ਰਿਹਾਈ ਦੀ ਮੰਗ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਨਾਲ ਹੀ ਜੇ.ਪੀ.ਐਮ.ਓ. ਕਨਵੈਨਸ਼ਨ ਵੱਲੋਂ ਸਾਰੇ ਸੰਘਰਸ਼ੀ ਤਬਕਿਆਂ ਦੇ ਹੱਕ ਘੋਲਾਂ ਦੀ ਪੂਰੀ ਹਮਾਇਤ ਕਰਨ ਦਾ ਮਤਾ ਵੀ ਪੇਸ਼ ਕੀਤਾ। ਦੋਵੇਂ ਮਤੇ ਨਾਹਰਿਆਂ ਦੀ ਗੂੰਜ ਦਰਮਿਆਨ ਸਰਵ ਸੰਮਤੀ ਨਾਲ ਪਾਸ ਕੀਤੇ ਗਏ।ਇਸ ਮੌਕੇ 21 ਤੋਂ 23ਅਗਸਤ ਤਕ ਨੂੰ ਜੇ.ਪੀ.ਐੱਮ. ਓ. ਦੀਆਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ । ਕਨਵੈਨਸ਼ਨ ਦੀ ਪ੍ਰਧਾਨਗੀ  ਸਾਥੀ ਰਘਬੀਰ ਕੌਰ, ਸ਼ਿਵ ਕੁਮਾਰ ਪਠਾਨਕੋਟ, ਅਮਰੀਕ ਸਿੰਘ ਦਾਊਦ, ਡਾ. ਸਤਨਾਮ ਸਿੰਘ ਅਜਨਾਲਾ, ਤੀਰਥ ਸਿੰਘ ਬਾਸੀ, ਸੁਰਿੰਦਰ ਸਿੰਘ, ਹਰਮੀਤ ਸਿੰਘ ਰਿੰਕਾ ਦਾਊਦ, ਗਗਨਦੀਪ ਸਰਦੂਲਗੜ੍ਹ ਤੇ ਨਰਿੰਦਰ ਕੁਮਾਰ ਨੇ ਕੀਤੀ।  ਸਟੇਜ ਸਕੱਤਰ ਦੇ ਫਰਜ਼ ਸਾਥੀ ਸਤੀਸ਼ ਰਾਣਾ ਨੇ ਅਦਾ ਕੀਤੇ।

About Post Author

Share and Enjoy !

Shares

Leave a Reply

Your email address will not be published.