ਖਿਡੌਣਾ ਪਿਸਤੌਲ ਨਾਲ ਖੇਡ ਰਹੇ ਸਨ ਵਿਦਿਆਰਥੀ, ਵੀਡੀਓ ਵਾਇਰਲ

Share and Enjoy !

Shares

– ਪੁਲਸ ਨੂੰ ਪਈਆਂ ਭਾਜੜਾਂ।
(ਗੁਰਦੀਪ ਸਿੰਘ ਹੋਠੀ) ਜਲੰਧਰ।
ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਦਕੋਹਾ ਵਿਚ 10ਵੀਂ ਅਤੇ 12ਵੀਂ ਜਮਾਤ ਦੇ 15 ਤੋਂ 17 ਸਾਲ ਦੇ ਉਮਰ ਦੇ 3 ਵਿਦਿਆਰਥੀ ਰਾਤ ਸਮੇਂ ਟਿਊਸ਼ਨ ਪੜ ਕੇ ਆਪਣੇ ਘਰ ਨੂੰ ਜਾ ਰਹੇ ਸਨ ਅਤੇ ਰਸਤੇ ਵਿਚ ਖੜੇ ਹੋ ਕੇ 100 ਤੋਂ 150 ਰੁਪਏ ਦੀ ਕੀਮਤ ਵਾਲੇ ਲਾਈਟਰ ਵਰਗੇ ਖਿਡੌਣਾ ਪਿਸਤੌਲ ਨਾਲ ਖੇਡਣ ਲੱਗ ਪਏ। ਕੁਝ ਰਾਹਗੀਰ ਲੋਕਾਂ ਨੂੰ ਉਨਾਂ ਨੂੰ ਵੇਖ ਕੇ ਲੱਗਾ ਕਿ ਉਹ ਗੈਂਗਸਟਰ ਹਨ ਅਤੇ ਦਕੋਹਾ ਵਿਚ ਦਾਖਲ ਹੋ ਗਏ ਹਨ, ਜਿਨਾਂ ਕੋਲ ਪਿਸਤੌਲ ਵੀ ਹਨ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਇਨਾਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਵਿਚ ਵੀ ਭਾਜੜਾਂ ਮਚ ਗਈਆਂ ਅਤੇ ਦਕੋਹਾ ਨਿਵਾਸੀਆਂ ਵਿਚ ਵੀ ਖੌਫ ਪੈਦਾ ਹੋ ਗਿਆ। ਪੁਲਸ ਕੋਲ ਸੂਚਨਾ ਪਹੁੰਚਦੇ ਹੀ ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਦੇ ਇੰਚਾਰਜ ਮੁਨੀਸ਼ ਭਾਰਦਵਾਜ ਨੇ ਉੱਚ ਪੁਲਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਲਸ ਫੋਰਸ ਸਮੇਤ ਦਕੋਹਾ ਵਿਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਕੋਈ ਵੀ ਗੈਂਗਸਟਰ ਦਕੋਹਾ ਵਿਚ ਨਹੀਂ ਆਇਆ ਸੀ। ਸੋਸ਼ਲ ਮੀਡੀਆ ’ਤੇ ਗਲਤ ਅਫਵਾਹ ਫੈਲਾਅ ਦਿੱਤੀ ਗਈ ਸੀ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ।
ਏ.ਸੀ.ਪੀ. ਸੈਂਟਰਲ ਨੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਦਫਤਰ ਬੁਲਾਇਆ, ਚਿਤਾਵਨੀ ਦੇ ਕੇ ਛੱਡਿਆ
ਖਿਡੌਣਾ ਪਿਸਤੌਲ ਨਾਲ ਖੇਡਣ ਵਾਲੇ ਬੱਚਿਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਏ.ਸੀ.ਪੀ. ਸੈਂਟਰਲ ਅਸ਼ਵਨੀ ਕੁਮਾਰ ਅੱਤਰੀ ਨੇ ਆਪਣੇ ਆਫਿਸ ਵਿਚ ਬੁਲਾਇਆ ਅਤੇ ਉਨਾਂ ਕੋਲੋਂ ਪੁੱਛਗਿੱਛ ਕੀਤੀ।
ਏ.ਸੀ.ਪੀ. ਨੇ ਗੱਲਬਾਤ ਦੌਰਾਨ ‘ਚੈਕ ਪੋਸਟ’ ਨੂੰ ਦੱਸਿਆ ਕਿ ਦਕੋਹਾ ਵਿਚ ਗੈਂਗਸਟਰਾਂ ਦੇ ਦਾਖਲ ਹੋਣ ਦੀ ਸੂਚਨਾ ਝੂਠੀ ਅਤੇ ਬੇਬੁਨਿਆਦ ਸੀ। ਬਿਨਾਂ ਕਿਸੇ ਜਾਣਕਾਰੀ ਦੇ ਮਾਮਲੇ ਨੂੰ ਉਛਾਲ ਦੇਣ ਕਾਰਨ ਲੋਕਾਂ ਦੇ ਮਨਾਂ ਵਿਚ ਕਈ ਤਰਾਂ ਦੇ ਸਵਾਲ ਖੜੇ ਹੋ ਗਏ। ਉਕਤ ਬੱਚੇ ਚਾਨਣ ਚੌਕ ਦਕੋਹਾ ਨੇੜੇ ਰਹਿੰਦੇ ਹਨ ਅਤੇ ਚੰਗੇ ਘਰਾਂ ਨਾਲ ਸਬੰਧਤ ਹੋਣ ਦੇ ਨਾਲ-ਨਾਲ ਪੜਾਈ ਵਿਚ ਵੀ ਵਧੀਆ ਹਨ। ਉਨਾਂ ਵਿਚੋਂ ਕਿਸੇ ਨੇ ਲਾਈਟਰ ਵਰਗਾ ਖਿਡੌਣਾ ਪਿਸਤੌਲ, ਜਿਸ ਦੀ ਕੀਮਤ 100 ਰੁਪਏ ਦੇ ਨੇੜੇ-ਤੇੜੇ ਹੋਵੇਗੀ, ਦੁਕਾਨ ਤੋਂ ਖਰੀਦਿਆ ਸੀ। ਟਿਊਸ਼ਨ ਤੋਂ ਘਰ ਜਾਣ ਸਮੇਂ ਉਹ ਖੜੇ ਹੋ ਕੇ ਆਪਸ ਵਿਚ ਖੇਡਣ ਲੱਗੇ। ਉਨਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਉਨਾਂ ’ਤੇ ਕਿਸੇ ਵੀ ਤਰਾਂ ਦੀ ਕਾਨੂੰਨੀ ਕਾਰਵਾਈ ਨਾ ਕਰਦਿਆਂ ਉਨਾਂ ਨੂੰ ਉਨਾਂ ਦੀ ਗਲਤੀ ਦਾ ਅਹਿਸਾਸ ਕਰਵਾਉਂਦਿਆਂ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਬੱਚਿਆਂ ਨੇ ਕਿਹਾ ਕਿ ਭਵਿੱਖ ਵਿਚ ਉਹ ਅਜਿਹੀ ਗਲਤੀ ਕਦੀ ਨਹੀਂ ਕਰਨਗੇ।
ਸਮੇਂ-ਸਮੇਂ ’ਤੇ ਚੈੱਕ ਕੀਤੇ ਜਾਂਦੇ ਹਨ ਸਾਰੇ ਪੀ.ਜੀ. : ਚੌਂਕੀ ਇੰਚਾਰਜ
ਦਕੋਹਾ ਪੁਲਸ ਚੌਂਕੀ ਦੇ ਇੰਚਾਰਜ ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਦਕੋਹਾ ਪੁਲਸ ਚੌਂਕੀ ਅਧੀਨ ਦਕੋਹਾ ਅਤੇ ਨੇੜਲੇ ਇਲਾਕਿਆਂ ਵਿਚ ਬਣੇ ਸਾਰੇ ਪੀ. ਜੀ. ਸਮੇਂ-ਸਮੇਂ ’ਤੇ ਉਨਾਂ ਵੱਲੋਂ ਚੈੱਕ ਕੀਤੇ ਜਾਂਦੇ ਹਨ। ਪੀ. ਜੀ. ਵਿਚ ਰਹਿਣ ਵਾਲੇ ਲੋਕਾਂ ਦੀ ਪੁਲਸ ਨੂੰ ਸੂਚਨਾ ਨਾ ਦੇਣ ’ਤੇ ਪੀ. ਜੀ. ਮਾਲਕਾਂ ’ਤੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ। ਪੀ.ਸੀ.ਆਰ. ਟੀਮ ਤੋਂ ਇਲਾਵਾ ਦਕੋਹਾ ਚੌਕੀ ਦੀ ਪੁਲਸ ਵੱਲੋਂ ਦਿਨ ਤੇ ਰਾਤ ਸਮੇਂ ਗਸ਼ਤ ਵੀ ਕੀਤੀ ਜਾਂਦੀ ਹੈ। ਖਾਸ ਕਰ ਕੇ ਨੰਗਲਸ਼ਾਮਾ ਚੌਕ ਵਿਚ ਪੁਲਸ ਦੇ ਲੱਗੇ ਪੱਕੇ ਨਾਕੇ ’ਤੇ ਖੜੇ ਮੁਲਾਜਮਾਂ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਪੂਰੀ ਨਜਰ ਰੱਖੀ ਜਾਂਦੀ ਹੈ। ਚੌਂਕੀ ਇੰਚਾਰਜ ਮੁਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਖੁਦ ਰਾਤ ਸਮੇਂ ਫੀਲਡ ਵਿਚ ਉਤਰ ਕੇ ਰਾਤ ਦੀ ਡਿਊਟੀ ਕਰਨ ਵਾਲੇ ਮੁਲਾਜਮਾਂ ਨੂੰ ਚੈੱਕ ਵੀ ਕਰਦੇ ਹਨ।

About Post Author

Share and Enjoy !

Shares

Leave a Reply

Your email address will not be published.