
– ਮੇਲਾ ਪ੍ਰਬੰਧਕ ਕਮੇਟੀ ਨੇ ਸਹਿਯੋਗੀ ਸੇਵਾਦਾਰਾਂ ਦਾ ਕੀਤਾ ਧੰਨਵਾਦ
(ਸੁਰਿੰਦਰ ਸਿੰਘ ਸਿੱਧੂ) ਤਰਨਤਾਰਨ। ਪਿੰਡ ਪੰਡੋਰੀ ਗੋਲਾ ਵਿਖੇ ਧੰਨ-ਧੰਨ ਬਾਬਾ ਚਰਾਗ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਸਮਾਗਮ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਪ੍ਰਬੰਧਕ ਸੇਵਾਦਾਰਾਂ ਬਖਸ਼ੀਸ਼ ਸਿੰਘ ਮੁੱਖ ਸੇਵਾਦਾਰ, ਸ਼ਮਸ਼ੇਰ ਸਿੰਘ, ਬੂਟਾ ਮੁਹੰਮਦ, ਜਰਮਨ ਕੈਨੇਡਾ, ਮਨਦੀਪ ਕੌਰ ਕੈਨੇਡਾ, ਗੁਰਪ੍ਰੀਤ ਸਿੰਘ ਯੂ.ਪੀ., ਜਤਿੰਦਰ ਸਿੰਘ ਢਿੱਲੋਂ ਅੰਮਿ੍ਰਤਸਰ, ਗੁਰਵਿੰਦਰ ਸਿੰਘ ਯੂ.ਪੀ., ਪਰਜਿੰਦਰ ਸਿੰਘ ਤਰਨਤਾਰਨ, ਲਵਪ੍ਰੀਤ ਯੂ.ਕੇ, ਸੁਰਜੀਤ ਯੂ.ਕੇ., ਹਰਜਿੰਦਰ ਸਿੰਘ, ਸੋਨਾ, ਲਵਪ੍ਰੀਤ ਸਿੰਘ, ਜਗਜੀਤ ਸਿੰਘ, ਯਾਦਵਿੰਦਰ ਦੁਬਈ ਆਦਿ ਨੇ ਦੱਸਿਆ ਕਿ ਸਮਾਗਮ ਸਬੰਧੀ ਰੱਖੇ 3 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਅਰਦਾਸ ਬਾਅਦ ਸਾਰਾ ਦਿਨ ਧਾਰਮਿਕ ਦੀਵਾਨ ਸੱਜਿਆ, ਜਿਸ ਵਿਚ ਬਹੁਤ ਸਾਰੇ ਜੱਥਿਆਂ ਨੇ ਗੁਰਬਾਣੀ ਗੁਰੂ ਜਸ ਗਾਇਣ ਕਰਕੇ ਪੰਡਾਲ ਵਿਚ ਜੁੜ ਬੈਠੀ ਸੰਗਤ ਨੂੰ ਨਿਹਾਲ ਕੀਤਾ। ਦੀਵਾਨ ਸਮਾਪਤੀ ਉਪਰੰਤ ਸ਼ਾਮ ਨੂੰ ਨਾਮਵਰ ਕਬੱਡੀ ਟੀਮਾਂ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਸ਼ਹੀਦ ਜਸਵੰਤ ਸਿੰਘ ਅਕੈਡਮੀ ਅੰਮੀਸ਼ਾਹ ਖਾਲੜਾ ਦਰਮਿਆਨ ਕਬੱਡੀ ਦਾ ਵੱਡਾ ਸ਼ੋਅ ਮੈਚ ਖੇਡਿਆ ਗਿਆ, ਜਿਸ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਟੀਮ ਜੇਤੂ ਰਹੀ। ਪ੍ਰਬੰਧਕਾਂ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੈਚ ਦੇ ਬੈਸਟ ਜਾਫੀ ਪ੍ਰੀਤ ਲੱਧੂ, ਗੋਪੀ ਫਰੰਦੀਪੁਰ ਅਤੇ ਬੈਸਟ ਰੇਡਰ ਘੋੜਾ ਰਮਦਾਸ ਤੇ ਮੱਤਾ ਜਫਰਵਾਲ ਸਾਂਝੇ ਤੌਰ ’ਤੇ ਐਲਾਨੇ ਗਏ, ਜਿਨਾਂ ਨੂੰ ਕਬੱਡੀ ਖੇਡ ਪ੍ਰੇਮੀਆਂ ਸੋਨਾ ਤੇ ਸ਼ੇਰਾ ਵੱਲੋਂ ਸੋਨੇ ਦੀਆਂ ਛਾਪਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਮੌਕੇ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੈਚ ਦੌਰਾਨ ਕੁਮੈਂਟਰੀ ਰਾਣਾ ਸਿੰਘਪੁਰੀਆ ਤੇ ਵਰਿੰਦਰ ਖੇਮਕਰਨ ਨੇ ਕੀਤੀ। ਅਖੀਰ ਵਿਚ ਪ੍ਰਬੰਧਕ ਸੇਵਾਦਾਰਾਂ ਨੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।