(ਸ਼ਿਵ ਕੋੜਾ) ਫਗਵਾੜਾ। ਆਮ ਆਦਮੀ ਪਾਰਟੀ ਦੇ ਜਿਲਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਨਸ਼ਿਆਂ ਦੀ ਬੁਰਾਈ ਪ੍ਰਤੀ ਨੌਜਵਾਨਾਂ ਨੂੰ ਜਾਗਰੁਕ ਕਰਨ ਦੇ ਮਨੋਰਥ ਨਾਲ ‘ਨਸ਼ਾ ਤਿਆਗੋ, ਹੁਣ ਤਾਂ ਜਾਗੋ’ ਸਿਰਨਾਵਾਂ ਹੇਠ ਇਕ ਸੈਮੀਨਾਰ ਦਾ ਆਯੋਜਨ ਡਾ ਅੰਬੇਦਕਰ ਚੌਂਕ ਹਦੀਆਬਾਦ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਐਸ.ਪੀ. ਫਗਵਾੜਾ ਸ. ਹਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਆਮ ਆਦਮੀ ਪਾਰਟੀ ਦੇ ਜਿਲਾ ਕੋਆਰਡੀਨੇਟਰ ਮੈਡਮ ਲਲਿਤ, ਜਿਲਾ ਸਕੱਤਰ ਪਿ੍ਰੰ. ਨਿਰਮਲ ਸਿੰਘ ਅਤੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਐਸ.ਪੀ. ਹਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰੋਜਾਨਾ ਕੁੱਝ ਸਮਾਂ ਜਰੂਰ ਦੇਣ। ਉਹਨਾਂ ਦੀ ਗਤੀਵਿਧੀ ਤੇ ਨਜ਼ਰ ਰੱਖਣ ਤਾਂ ਜੋ ਬੱਚਾ ਗਲਤ ਸੰਗਤ ਦਾ ਸ਼ਿਕਾਰ ਨਾ ਹੋਵੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਖਿਲਾਫ ਪੂਰੀ ਸਖਤੀ ਨਾਲ ਕੰਮ ਕਰ ਰਿਹਾ ਹੈ। ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਸ਼ਾ ਵੇਚਣ ਵਾਲੇ ਦੀ ਉਹਨਾਂ ਪਾਸ ਜਾਣਕਾਰੀ ਹੋਵੇ ਤਾਂ ਬਿਨਾ ਡਰ ਤੋਂ ਪੁਲਿਸ ਨੂੰ ਦੱਸਿਆ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਆਪਣੇ ਵਿਚਾਰ ਰੱਖਦਿਆਂ ਆਪ ਦੇ ਜਿਲਾ ਕੋਆਰਡੀਨੇਟਰ ਮੈਡਮ ਲਲਿਤ ਅਤੇ ਜਿਲਾ ਸਕੱਤਰ ਪਿ੍ਰੰਸੀਪਲ ਨਿਰਮਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਘਰਾਂ ਦੇ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਵਿਸ਼ੇਸ਼ ਯਤਨ ਕਰਦੇ ਹੋਏ ਇਹਨਾਂ ਦੇ ਨਸ਼ੇ ਛੁਡਾ ਕੇ ਰੁਜਗਾਰ ਦੇ ਪ੍ਰਬੰਧ ਕੀਤੇ ਜਾਣਗੇ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਨਸ਼ੇ ਨੂੰ ਲੈ ਕੇ ਸਿਰਫ ਸਿਆਸਤ ਕੀਤੀ ਹੈ। ਵੱਡੇ ਡਰੱਗ ਤਸਕਰਾਂ ਦੇ ਤਾਰ ਹਰ ਸਿਆਸੀ ਪਾਰਟੀ ਨਾਲ ਜੁੜੇ ਹੋਏ ਸਨ ਜਿਸ ਕਰਕੇ ਉਹਨਾਂ ਖਿਲਾਫ ਕਾਰਵਾਈ ਤੋਂ ਗੁਰੇਜ ਕੀਤਾ ਜਾਂਦਾ ਰਿਹਾ। ਨਤੀਜਾ ਇਹ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ‘ਚ ਪੈ ਕੇ ਮੌਤ ਦਾ ਸ਼ਿਕਾਰ ਹੋ ਗਏ ਜਾਂ ਪਰਿਵਾਰਕ ਜਿੰਮੇਦਾਰੀਆਂ ਸੰਭਾਲਣ ਦੇ ਯੋਗ ਨਹੀਂ ਰਹੇ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਵਿਸ਼ਵਾਸ ਵਿਚ ਲੈ ਕੇ ਉਹਨਾਂ ਦਾ ਨਸ਼ਾ ਛੁਡਾਉਣ ਲਈ ਹਰ ਸੰਭਵ ਮੱਦਦ ਕਰਨਾ ਹੈ। ਸੈਮੀਨਾਰ ਦੌਰਾਨ ਆਪ ਆਗੂਆਂ ਨੇ ਐਸ.ਪੀ. ਫਗਵਾੜਾ ਤੋਂ ਅਪੀਲ ਕੀਤੀ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਹਰ ਸੰਭਵ ਮੱਦਦ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾਵੇ ਅਤੇ ਜੋ ਕੋਈ ਵੀ ਨਸ਼ਾ ਵੇਚਦਾ ਹੈ ਉਸ ਖਿਲਾਫ ਬਿਨਾਂ ਕਿਸੇ ਦਬਾਅ ਹੇਠ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਆਪ ਦੇ ਜਿਲਾ ਸਹਿ ਸਕੱਤਰ ਡਾ. ਜਤਿੰਦਰ ਸਿੰਘ ਪਰਹਾਰ ਅਤੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੌਰਾਨ ਪਰਵਾਜ ਰੰਗ ਮੰਚ ਵਲੋਂ ਨਸ਼ਿਆਂ ਦੇ ਪ੍ਰਤੀ ਜਾਗਰੁਕਤਾ ਲਿਆਉਣ ਲਈ ਨੁੱਕੜ ਨਾਟਕ ਵੀ ਖੇਡਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕੰਬੋਜ, ਸੁਰਿੰਦਰ ਸਿੰਘ, ਸੁਰਿੰਦਰ ਪਾਲ ਕੌਲ, ਪਿ੍ਰੰ. ਕਰਨੈਲ ਸਿੰਘ ਭਾਟੀਆ, ਵਿੱਕੀ ਸਿੰਘ, ਜਤਿੰਦਰ ਨਾਹਰ, ਗੁਰਦੀਪ ਸਿੰਘ, ਵਿਜੇ ਕੁਮਾਰ ਬੰਗਾ, ਹਰਜਿੰਦਰ ਗੋਗਨਾ, ਬਲਜੀਤ ਸਿੰਘ, ਬੋਬੀ ਨਾਹਰ, ਜੀਵਨ ਸੌਂਧੀ, ਨਰਿੰਦਰ ਸੈਣੀ, ਯਸ਼ਪਾਲ ਅਰੋੜਾ, ਪਿ੍ਆ ਸੰਤੋਸ, ਗੁਰਦੀਪ ਲਾਲ ਤੇ ਹਰਬੰਸ ਲਾਲ ਕੌਲ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜਰ ਸਨ।