
(ਬਿਊਰੋ ਚੈਕ ਪੋਸਟ) ਲੁਧਿਆਣਾ। ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਤੇ ਪ੍ਰਸਿੱਧ ਲੇਖਕ ਡਾ ਦੀਪਕ ਮਨਮੋਹਨ ਸਿੰਘ ਨੇ ਬੀਤੀ ਸਾਮ ਗੈਰ ਰਸਮੀ ਮਿਲਣੀ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ 1885 ਚ ਪਹਿਲੀ ਵਾਰ ਛਪੀ ਪਹਿਲੀ ਗਜਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ ਚੌਥਾ ਐਡੀਸਨ ਲੋਕ ਅਰਪਨ ਕਰਦਿਆਂ ਸਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਹੈ ਕਿ ਮੈਂ 1975 ਚੋਂ ਉਸ ਦੀ ਕਵਿਤਾ ਨੂੰ ਲਗਾਤਾਰ ਵਾਚਦਾ ਆ ਰਿਹਾ ਹਾਂ, ਜਦ ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਸੀਸਾ ਝੂਠ ਬੋਲਦਾ ਹੈ ਕਵਿਤਾ ਲਿਖਣ ਬਦਲੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਸੀ। ਉਸ ਦੀ ਕਵਿਤਾ ਵਿੱਚ ਵੇਦਨਾ ਵੀ ਹੈ ਤੇ ਸੰਵੇਦਨਾ ਵੀ। ਸਬਦ ਭੰਡਾਰ ਪੱਖੋਂ ਉਸ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਬਹੁਤ ਜਿਆਦਾ ਸਤਿਕਾਰ ਹਾਸਲ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵਿੱਚ ਹੋਈਆਂ ਵਿਸਵ ਅਮਨ ਤੇ ਸਾਹਿੱਤ ਕਾਨਫਰੰਸਾਂ ਵਿੱਚ ਉਸ ਦੀ ਹਾਜਰੀ ਹਮੇਸਾਂ ਗੌਲਣਯੋਗ ਰਹੀ ਹੈ। ਇਸ ਮੌਕੇ ਹਾਜਰ ਪ੍ਰਸਿੱਧ ਵਿਦਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਲਗਪਗ ਇਕੱਠਿਆਂ ਹੀ ਲਿਖਣਾ ਪੜਨਾ ਸੁਰੂ ਕੀਤਾ ਸੀ ਪਰ ਕਵਿਤਾ ਸਿਰਜਣ ਵਿੱਚ ਬਣਾਈ ਲਗਾਤਾਰਤਾ ਕਾਰਨ ਉਹ ਅੱਜ ਸਾਡੇ ਲਈ ਮਾਣਮੱਤਾ ਸਮਕਾਲੀ ਮਿੱਤਰ ਤੇ ਕਵੀ ਹੈ। ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਡਾ ਦੀਪਕ ਮਨਮੋਹਨ ਸਿੰਘ ਸਾਹਿੱਤ ਸੱਭਿਆਚਾਰ ਤੇ ਵਿਸਵ ਕਾਨਫਰੰਸਾਂ ਰਾਹੀਂ ਜਿਹੜਾ ਗਲੋਬਲ ਭਾਈਚਾਰਾ ਉਸਾਰ ਚੁਕੇ ਹਨ, ਉਸ ਦੀ ਨਿਰੰਤਰ ਪਰਵਰਿਸ ਕਰਨਾ ਤੇ ਉਸ ਨੂੰ ਯੋਗ ਅਗਵਾਈ ਦੇਣਾ ਵੀ ਸਾਡਾ ਫਰਜ ਹੈ। ਮੇਰੀ ਪੁਸਤਕ ਦਾ ਚੌਥਾ ਐਡੀਸਨ ਕੁਝ ਮਹੀਨੇ ਪਹਿਲਾਂ ਛਪ ਕੇ ਆਇਆ ਸੀ ਪਰ ਅੱਜ ਦੋ ਵੱਡੇ ਵੀਰਾਂ ਵੱਲੋਂ ਮੇਰੇ ਪਰਿਵਾਰ ਦੀ ਹਾਜਰੀ ਚ ਲੋਕ ਅਰਪਨ ਹੋਣਾ ਮੇਰੇ ਲਈ ਸੁਭਾਗੀ ਘੜੀ ਵਰਗਾ ਹੈ। ਇਸ ਮੌਕੇ ਪੁਸਤਕ ਲੋਕ ਅਰਪਨ ਵਿੱਚ ਗੁਰਭਜਨ ਗਿੱਲ ਦੀ ਜੀਵਨ ਸਾਥਣ ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਅਮਰੀਕਾ ਤੋਂ ਆਏ ਸ ਜਸਜੀਤ ਸਿੰਘ ਨੱਤ ਵੀ ਸਾਮਿਲ ਹੋਏ।