
– ਚੋਣ ਰੈਲੀ ਨੂੰ ਬਿਨਾਂ ਸੰਬੋਧਨ ਕੀਤਿਆਂ ਹੀ ਮੁੜੇ ਵਾਪਸ
ਲੌਂਗੋਵਾਲ (ਜਗਸੀਰ ਸਿੰਘ): ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਦੇ ਸਬੰਧ ਚ ਚੱਲ ਰਹੀਆਂ ਚੋਣ ਸਰਗਰਮੀਆਂ ਦੌਰਾਨ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।ਕਸਬੇ ਦੇ ਰਾਮ ਲੀਲਾ ਗਰਾਉਂਡ ਵਿੱਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਚ ਇੱਕ ਚੋਣ ਰੈਲੀ ਰੱਖੀ ਗਈ ਸੀ ਜਿਸਨੂੰ ਕਿ ਮੁੱਖ ਮੰਤਰੀ ਸਮੇਤ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕਰਨਾ ਸੀ। ਸਵੇਰ ਤੋਂ ਹੀ ਇਸ ਰੈਲੀ ਦੇ ਵਿਰੋਧ ਲਈ ਇਕੱਠੇ ਹੋਏ ਮਜ਼ਦੂਰਾਂ ਨੇ ਆਪਣੀ ਰਣਨੀਤੀ ਬਣਾਈ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਅਤੇ ਪ੍ਰਸ਼ਾਸਨ ਵਲੋਂ ਕੀਤੇ ਸਾਰੇ ਪ੍ਰਬੰਧ ਲੋਕ ਰੋਹ ਅੱਗੇ ਫੇਲ ਹੋ ਗਏ ਅਤੇ ਸਵੇਰ ਦਾ ਮੁੱਖ ਮੰਤਰੀ ਦੇ ਪਹੁੰਚਣ ਦਾ ਪ੍ਰੋਗਰਾਮ ਸ਼ਾਮ ਤੇ ਪਹੁੰਚ ਗਿਆ ਫਿਰ ਵੀ ਵਿਰੋਧ ਲਈ ਇਕੱਤਰ ਮਜ਼ਦੂਰ ਉਵੇਂ ਹੀ ਡਟੇ ਰਹੇ। ਜਿਉਂ ਹੀ ਮੁੱਖ ਮੰਤਰੀ ਇੱਕ ਵੱਡੇ ਲਾਮ ਲਸ਼ਕਰ ਦੇ ਨਾਲ ਰਾਮ ਲੀਲਾ ਗਰਾਉਂਡ ਚ ਪਹੁੰਚੇ ਤਾਂ ਮਜ਼ਦੂਰਾਂ ਨੇ ਮੁਰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿਤੇ ਅਤੇ ਮੁੱਖ ਮੰਤਰੀ ਸਟੇਜ ਤੇ ਨਹੀਂ ਪਹੁੰਚ ਸਕੇ ਸਿਰਫ ਗੱਡੀ ਵਿਚੋਂ ਹੀ ਮਿੰਟ ਕੁ ਬੋਲਕੇ ਚਲੇ ਗਏ ਅਤੇ ਸਾਰਾ ਪੰਡਾਲ ਵਿਰੋਧ ਕਰ ਰਹੇ ਮਜ਼ਦੂਰਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ। ਕਾਬਿਲੇ ਗੌਰ ਹੈ ਕਿ ਇਸ ਰੈਲੀ ਨੂੰ ਸਫ਼ਲ ਕਰਨ ਲਈ ਮੰਤਰੀਆਂ ਅਤੇ ਵਿਧਾਇਕਾਂ ਦੀ ਫੌਜ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਪੂਰੀ ਤਨਦੇਹੀ ਨਾਲ ਜ਼ੋਰ ਲਗਾਇਆ ਹੋਇਆ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰਾਮ ਲੀਲਾ ਗਰਾਉਂਡ ਕਸਬੇ ਦਾ ਬਹੁਤ ਮਸ਼ਹੂਰ ਗਰਾਉਂਡ ਹੈ ਅਤੇ ਇਥੇ 1000 ਤੋਂ ਜ਼ਿਆਦਾ ਕੁਰਸੀ ਲਗਦੀ ਹੈ ਜਦੋਂ ਕਿ ਇਸ ਰੈਲੀ ਚ ਪ੍ਰਬੰਧਕਾਂ ਵਲੋਂ ਸਿਰਫ 250 ਕੁਰਸੀ ਹੀ ਲਗਾਈ ਗਈ ਸੀ ਅਤੇ ਉਹ ਵੀ ਖਾਲੀ ਸਨ ਤੇ ਰਹਿੰਦੀ ਕਸਰ ਵਿਰੋਧ ਕਰ ਰਹੇ ਮਜ਼ਦੂਰਾਂ ਨੇ ਕੱਢ ਦਿੱਤੀ। ਮਜ਼ਦੂਰਾਂ ਵਲੋਂ ਵਿਰੋਧ ਕਰਨ ਦਾ ਕਾਰਨ ਸਰਕਾਰ ਦੇ ਝੂਠੇ ਲਾਰੇ ਅਤੇ ਗੁੰਮਰਾਹ ਕਰਨ ਨੂੰ ਦੱਸਿਆ।