
ਪਿਆਰੇ ਬੱਚਿਓ ! ਤੁਸੀਂ ਆਪਣੇ ਮਾਤਾ – ਪਿਤਾ ਅਤੇ ਸਕੂਲ ਵਿੱਚ ਆਪਣੇ ਅਧਿਆਪਕਾਂ ਪਾਸੋਂ ਸ਼ੇਰ ਬਾਰੇ ਅਤੇ ਸ਼ੇਰ ਦੀਆਂ ਕਹਾਣੀਆਂ ਨੂੰ ਜ਼ਰੂਰ ਸੁਣਿਆ ਹੋਵੇਗਾ। ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਸ਼ੇਰ ਨੂੰ ” ਜੰਗਲ ਦਾ ਰਾਜਾ ” ਕਿਹਾ ਜਾਂਦਾ ਹੈ। ਬੱਚਿਓ ! ਕੀ ਤੁਸੀਂ ਇਹ ਜਾਣਦੇ ਹੋ ਕਿ ਸ਼ੇਰ ਨੂੰ ਜੰਗਲ ਦਾ ਰਾਜਾ ਕਿਉਂ ਕਿਹਾ ਜਾਂਦਾ ਹੈ ? ਆਓ ! ਇਸ ਬਾਰੇ ਅੱਜ ਜਾਣਦੇ ਹਾਂ। ਪਿਆਰੇ ਬੱਚਿਓ ! ਸ਼ੇਰ ਇੱਕ ਖੁੰਖਾਰ , ਮਾਸਾਹਾਰੀ , ਭਿਆਨਕ , ਸ਼ਕਤੀਸ਼ਾਲੀ , ਬੇਹੱਦ ਚੌਕਸ ਅਤੇ ਬਹਾਦਰ ਜੰਗਲੀ ਜਾਨਵਰ ਹੈ। ਇਹ ਅਕਸਰ ਹਿਰਨ , ਗਿੱਦੜ , ਜਿਰਾਫ਼ , ਜੰਗਲੀ ਮੱਝਾਂ ਆਦਿ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਪਰ ਕਦੇ – ਕਦੇ ਮਨੁੱਖ ਅਤੇ ਬਾਂਦਰਾਂ ਦਾ ਸ਼ਿਕਾਰ ਵੀ ਕਰ ਲੈਂਦਾ ਹੈ। ਸ਼ੇਰ ਕਦੇ ਹਾਥੀ ਅਤੇ ਗੈਂਡੇ ‘ਤੇ ਹਮਲਾ ਨਹੀਂ ਕਰਦਾ। ਦਿਨ ਦੇ ਸਮੇਂ ਸ਼ੇਰ ਆਰਾਮ ਕਰਦੇ ਹਨ ਅਤੇ ਰਾਤ ਨੂੰ ਸ਼ਿਕਾਰ ਕਰਨ ਲਈ ਨਿਕਲ ਜਾਂਦੇ ਹਨ। ਪਿਆਰੇ ਬੱਚਿਓ ! ਸ਼ੇਰ ਨੂੰ ” ਜੰਗਲ ਦਾ ਰਾਜਾ ” ਇਸ ਲਈ ਕਿਹਾ ਜਾਂਦਾ ਹੈ ; ਕਿਉਂਕਿ ਸ਼ੇਰ ਮਨੁੱਖ ਅਤੇ ਹੋਰ ਦੂਸਰੇ ਜਾਨਵਰਾਂ ‘ਤੇ ਇੰਨੀ ਤੇਜ਼ੀ ਅਤੇ ਭਿਆਨਕਤਾ ਨਾਲ਼ ਹਮਲਾ ਕਰਦਾ ਹੈ ਕਿ ਵਿਅਕਤੀ ਜਾਂ ਜਾਨਵਰ ਆਪਣੀ ਰੱਖਿਆ ਦੇ ਸਾਰੇ ਤਰੀਕੇ ਭੁੱਲ ਜਾਂਦਾ ਹੈ। ਸ਼ੇਰ ਦੀ ਇਸੇ ਖ਼ਾਸੀਅਤ ਸਦਕਾ ਇਹ ” ਜੰਗਲ ਦਾ ਰਾਜਾ ” ਅਖਵਾਉਂਦਾ ਹੈ। ਬੱਚਿਓ ! ਸ਼ੇਰ ਭਾਰਤ ਦੇ ਉੱਤਰ – ਪੱਛਮੀ ਜੰਗਲਾਂ ਵਿੱਚ ਪਾਏ ਜਾਂਦੇ ਹਨ। ਸ਼ੇਰ ਜਦੋਂ ਜ਼ੋਰ ਨਾਲ ਦਹਾੜਦਾ ਹੈ , ਤਦ ਸਾਰੇ ਜਾਨਵਰ ਡਰ ਕੇ ਦੂਰ ਭੱਜ ਜਾਂਦੇ ਹਨ। ਸ਼ੇਰ ਦਰੱਖਤਾਂ ‘ਤੇ ਨਹੀਂ ਚੜ੍ਹ ਸਕਦਾ। ਬੱਚਿਓ ! ਸ਼ੇਰ ਇੱਕ ਅਜਿਹਾ ਜਾਨਵਰ ਹੈ , ਜਿਸਨੂੰ ਸਮੁੱਚੀ ਦੁਨੀਆਂ ਵਿੱਚ ਸ਼ਕਤੀ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਸ਼ੇਰ ਦੀ ਬਹਾਦਰੀ ਤੇ ਸ਼ਕਤੀ ਲਈ ਪੰਜਾਬੀ ਵਿੱਚ ਅਖਾਣ ਵੀ ਹੈ , ” ਸ਼ੇਰ ਜਿਹਾ ਦਿਲ “। ਸ਼ੇਰ ਦੀ ਸ਼ਕਤੀ ਕਰਕੇ ਝੰਡਿਆਂ , ਸ਼ੀਲਡਾਂ , ਪ੍ਰਤੀਕਾਂ ਅਤੇ ਧਾਰਮਿਕ ਸਥਾਨਾਂ ‘ਤੇ ਸ਼ੇਰ ਦਾ ਚਿੰਨ੍ਹ ਜਾਂ ਤਸਵੀਰ ਅੰਕਿਤ ਕੀਤੀ ਗਈ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜ਼ਖ਼ਮੀ ਸ਼ੇਰ ਬਹੁਤ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਪਿਆਰੇ ਬੱਚਿਓ ! ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸ਼ੇਰ ਨੂੰ ” ਜੰਗਲ ਦਾ ਰਾਜਾ ” ਉਸ ਦੇ ਮਹਾਨ ਗੁਣਾਂ ਕਰਕੇ ਕਿਹਾ ਜਾਂਦਾ ਹੈ। ਬੱਚਿਓ ! ਸਾਨੂੰ ਪੰਛੀਆਂ , ਜਾਨਵਰਾਂ ਤੇ ਜੰਗਲਾਂ (ਦਰਖਤਾਂ) ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਸਾਨੂੰ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ ! ਇਹ ਵੀ ਜ਼ਰੂਰੀ ਹੈ ਕਿ ਅਸੀਂ ਜੰਗਲੀ ਜਾਨਵਰਾਂ ਜਾਂ ਹੋਰ ਜਾਨਵਰਾਂ ਤੋਂ ਬਚ ਕੇ ਰਹੀਏ ; ਕਿਉਂਕਿ ਇਹ ਸਾਡੇ ‘ਤੇ ਹਮਲਾ ਵੀ ਕਰ ਸਕਦੇ ਹਨ। ਅਗਲੀ ਵਾਰ ਫੇਰ ਮਿਲਾਂਗੇ , ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ਼। ਤਦ ਤੱਕ ਦੇ ਲਈ ਨਮਸਤੇ , ਸਤਿ ਸ੍ਰੀ ਅਕਾਲ ਪਿਆਰੇ ਬੱਚਿਓ !!!
