
*ਨਹਿਰੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੰਢੀ ਨਹਿਰ ਦੀ ਮੁਰੰਮਤ ਦਾ ਕੱਢਿਆ ਹੱਲ *
ਹੁਸ਼ਿਆਰਪੁਰ (ਤਰਸੇਮ ਦੀਵਾਨਾ ) : ਨਵੇਂ ਬਣੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ,ਪਦਮ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੀਟਿੰਗ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਕੰਢੀ ਨਹਿਰ ਦੀ ਮੁਰੰਮਤ ਸਮੇਂ ਦੋਨੋਂ ਪਾਸੇ ਕਿਨਾਰਿਆਂ ਅਤੇ ਹੇਠਾਂ ਵਿਛਾਈ ਜਾ ਰਹੀ ਪਲਾਸਟਿਕ ਦਾ ਮੁੱਦਾ ਉਠਾਇਆ ਹੈ। ਇਸ ਮੀਟਿੰਗ ਦੌਰਾਨ ਸਕੱਤਰ ਕ੍ਰਿਸ਼ਨ ਕੁਮਾਰ ਨੇ ਭਰੋਸਾ ਦਿੱਤਾ ਸੀ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ।ਉਨਾ ਕੰਢੀ ਕਿਸਾਨਾਂ ਵੱਲੋਂ ਨਹਿਰ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਸਹੀ ਦੱਸਦਿਆਂ ਇਸ ਦਾ ਹੱਲ ਕੱਢਣ ਦਾ ਫਾਰਮੂਲਾ ਤਿਆਰ ਕੀਤਾ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਫਦ ਵਿਚ ਜਥੇਬੰਦੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ, ਚੇਅਰਮੈਨ ਭੁਪਿੰਦਰ ਸਿੰਘ ਘੁੰਮਣ, ਉਪ ਚੇਅਰਮੈਨ ਜਰਨੈਲ ਸਿੰਘ ਗਡ਼੍ਹਦੀਵਾਲਾ, ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਤੇ ਅਮਰਜੀਤ ਸਿੰਘ ਚੱਕ ਲਾਦੀਆਂ ਤੇ ਸੁਰਜੀਤ ਸਿੰਘ ਬਿੱਟੂ ਸ਼ਾਮਲ ਸਨ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਕੰਢੀ ਇਲਾਕੇ ਦੀ ਸਮੱਸਿਆ ਹੱਲ ਹੋਣ ਵੱਲ ਵਧੀ ਹੈ। ਨਹਿਰ ਦੀ ਜਿਹਡ਼ੀ ਮੁਰੰਮਤ ਚੱਲ ਰਹੀ ਹੈ ਇਸ ਦੌਰਾਨ ਨਹਿਰ ਦੇ ਕਿਨਾਰੇ ਕੰਕਰੀਟ ਨਾਲ ਪੱਕੇ ਕੀਤੇ ਜਾਣੇ ਹਨ ਤੇ ਹੇਠਾਂ ਪਲਾਸਟਿਕ ਵਿਛਾਈ ਜਾਣੀ ਸੀ। ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਹੁਣ ਨਹਿਰ ਦੇ ਤੱਲ ਨੂੰ ਪੰਜ ਫੁੱਟ ਤੱਕ ਪੱਕੇ ਕੀਤਾ ਜਾਵੇਗਾ ਤੇ ਪੰਜ ਫੁੱਟ ਕੱਚਾ ਰੱਖਿਆ ਜਾਵੇਗਾ। ਇਸੇ ਅਧਾਰ ’ਤੇ ਨਹਿਰ ਦਾ ਤੱਲ ਤਿਆਰ ਕੀਤਾ ਜਾਵੇਗਾ। ਜਥੇਬੰਦੀ ਦੇ ਉਪ ਚੇਅਰਮੈਨ ਜਰਨੈਲ ਸਿੰਘ ਗਡ਼੍ਹਦੀਵਾਲਾ ਨੇ ਦੱਸਿਆ ਕਿ 23 ਅਪਰੈਲ ਨੂੰ ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਨਾਲ ਕੰਢੀ ਕਿਸਾਨ ਸੰਘਰਸ਼ ਕਮੇਟੀ ਨੇ ਆਪਣੀ ਇਹ ਸਮੱਸਿਆ ਦੱਸੀ ਸੀ, ਉਦੋਂ ਨਹਿਰੀ ਵਿਭਾਗ ਦੇ ਵਧੀਕ ਸਕੱਤਰ ਪਰਮਪਾਲ ਕੌਰ ਨੇ ਮਸਲੇ ਦੇ ਹੱਲ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਸੀ। ਜਦੋਂ ਗੱਲ ਸਿਰੇ ਨਾ ਚਡ਼੍ਹੀ ਤਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਸੀ ਤੇ ਇਹ ਪੱਤਰ ਉਨ੍ਹਾਂ ਨੇ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਭੇਜ ਦਿੱਤਾ ਸੀ। ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕ੍ਰਿਸ਼ਨ ਕੁਮਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਨਹਿਰ ਵਿਚ 463 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਤੇ ਇਸੇ ਸਮਰੱਥਾ ਅਨੁਸਾਰ ਹੀ ਨਹਿਰ ਵਿਚ ਪਾਣੀ ਛੱਡਿਆ ਜਾਵੇਗਾ।