(ਸ਼ਿਵ ਕੋੜਾ) ਫਗਵਾੜਾ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰਦੀਪ ਕੁਮਾਰ ਨੰਬਰਦਾਰ ਦੀ ਅਗਵਾਈ ਹੇਠ ਪਿੰਡ ਖਲਵਾੜਾ ਦੀ ਸ਼ਮਸ਼ਾਨਘਾਟ ਵਿਖੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਪ੍ਰਵਾਸੀ ਭਾਰਤੀਆਂ ਪਰਮਿੰਦਰ ਕੁਮਾਰ ਅਤੇ ਆਗਿਆ ਪਾਲ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਸਾਫ ਸੁਥਰੀ ਆਬੋ-ਹਵਾ ਦਾ ਚਰਚਾ ਪੰਜਾਬ ਸਮੇਤ ਭਾਰਤ ਭਰ ਵਿਚ ਹੁੰਦਾ ਹੈ ਜਿਸਦੀ ਮੁੱਖ ਵਜ੍ਹਾ ਉੱਥੋਂ ਦੇ ਲੋਕਾਂ ਦੀ ਵਾਤਾਵਰਣ ਪ੍ਰਤੀ ਜਾਗਰੁਕਤਾ ਹੈ ਅਤੇ ਜਿਸ ਥਾਂ ਤੋਂ ਦਰਖ਼ਤਾਂ ਦੀ ਕਟਾਈ ਕਰਨੀ ਹੁੰਦੀ ਹੈ ਉੱਥੇ ਪਹਿਲਾਂ ਹੀ ਨਵੇਂ ਬੂਟੇ ਲਗਾ ਦਿੱਤੇ ਜਾਂਦੇ ਹਨ ਤਾਂ ਜੋ ਜਦੋਂ ਪੁਰਾਣੇ ਦਰਖ਼ਤ ਕੱਟੇ ਜਾਣ ਤਾਂ ਵਾਤਾਵਰਣ ‘ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਤਰੱਕੀ ਹਰ ਦੇਸ਼ ਦੀ ਜਰੂਰਤ ਹੈ ਪਰ ਭਾਰਤ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੁਰਾਣੇ ਦਰਖਤਾਂ ਦੀ ਕਟਾਈ ਤੋਂ ਪਹਿਲਾਂ ਹੀ ਇਕ ਰਣਨੀਤੀ ਤਹਿਤ ਨਵੇਂ ਦਰਖਤ ਤਿਆਰ ਕਰ ਲਏ ਜਾਣ। ਉਹਨਾਂ ਕਿਹਾ ਕਿ ਦਰਖਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਸ ਨਾਲ ਧਰਤੀ ਤੇ ਵੱਧਦੇ ਤਾਪਮਾਨ ਨੂੰ ਰੋਕਣ ਦੇ ਨਾਲ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ। ਨੰਬਰਦਾਰ ਹਰਦੀਪ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਬੂਟੇ ਲਗਾਉਣ ਦੀ ਇਸ ਮੁਹਿਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮੀਤ ਰਾਮ, ਦਵਿੰਦਰ ਕੁਮਾਰ, ਸੋਨੂੰ, ਸੰਜੀਵ ਕੁਮਾਰ ਤੇ ਜੀਵਨ ਆਦਿ ਵੀ ਹਾਜਰ ਸਨ।