(ਤਰਸੇਮ ਦੀਵਾਨਾ) ਹੁਸਿਆਰਪੁਰ।
ਹਵਾ, ਪਾਣੀ, ਧਰਤੀ ਅਤੇ ਜੀਵ ਜੰਤੂਆਂ ਦੀ ਉਚਿਤ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਵਰਤਮਾਨ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਆਉਣ ਵਾਲੀ ਪੀੜੀ ਦੀਆਂ ਲੋੜਾਂ ਵੀ ਸੁਖਾਲਿਆਂ ਹੀ ਪੂਰੀਆਂ ਹੋ ਸਕਣ। ਇਨਾਂ ਸ਼ਬਦਾ ਦਾ ਪ੍ਰਗਟਾਵਾ “ਵਿਸ਼ਵ ਵਾਤਾਵਰਨ ਦਿਵਸ“ ਮਨਾਉਣ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਕੀਤਾ। ਉਨਾਂ ਕਿਹਾ ਕਿ ਅੱਜ ਜੋ ਦੁਨੀਆ ਵਾਤਾਵਰਨ ਪੱਖੋਂ ਜਿਹੜੇ ਹਾਲਤਾਂ ਵਿੱਚੋਂ ਲੰਘ ਰਹੀ ਹੈ ਉਹ ਆਉਣ ਵਾਲੀ ਪੀੜੀ ਲਈ ਬਹੁਤ ਹੀ ਖਤਰਨਾਕ ਹੈ । ਧਰਤੀ ਦੇ ਔਸਤ ਤਾਪਮਾਨ ਵਿੱਚ ਹੋਏ ਵਾਧੇ ਨੇ ਹੁਣ ਅਤਿ ਦੀ ਗਰਮੀ ਅਤੇ ਸਰਦੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਹਵਾ ਅਤੇ ਪਾਣੀ ਵੀ ਬੁਰੀ ਤਰਾਂ ਨਾਲ ਪ੍ਰਦੂਸ਼ਿਤ ਹੋ ਚੁੱਕੇ ਹਨ। ਹਰ ਸਾਲ ਸਾਰੇ ਦੇਸ਼ ਵਾਤਾਵਰਨ ਦਿਵਸ ਮਨਾਉਣ ਦੀ ਭਰਪੂਰ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ ਪਰ ਅਸਲ ਵਿੱਚ ਅਸੀਂ ਇਸ ਦੀ ਸੰਭਾਲ ਲਈ ਕੁਝ ਨਹੀ ਕਰ ਰਹੇ। ਉਨਾਂ ਕਿਹਾ ਕਿ ਜੇਕਰ ਅਸੀਂ ਅਸਲ ਮਾਅਨੇ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਉਣਾ ਚਾਉਂਦੇ ਹਾਂ ਤਾਂ ਸਾਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਸਾਡੀ ਇਹ ਹਰ ਇੱਕ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ । ਮਨੁੱਖ ਵਲੋਂ ਲਗਾਇਆ ਗਿਆ ਇੱਕ- ਇੱਕ ਪੌਦਾ ਕੁਦਰਤ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ ਕਿਉਂਕਿ ਕੁਦਰਤ ਦੀ ਸੁਰੱਖਿਆ ਹੀ ਮਨੁੱਖਤਾ ਦੀ ਸੁਰੱਖਿਆ ਹੈ। ਉਨਾਂ ਕਿਹਾ ਕਿ ਇਸ ਸਾਲ ਗਰਮੀ ਦੀ ਰੁੱਤ ਮਈ ਮਹੀਨੇ ਦੀ ਥਾਂ ਮਾਰਚ ਦੇ ਮਹੀਨੇ ਤੋਂ ਸ਼ੁਰੂ ਹੋ ਗਈ ਸੀ ਅਤੇ ਮਾਰਚ ਅਤੇ ਅਪ੍ਰੈਲ ਦੋਵੇਂ ਮਹੀਨਿਆਂ ਦੇ ਔਸਤ ਤਾਪਮਾਨ ਨੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ 2021 ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆਂ ਭਰ ਵਿੱਚ 70 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ ਅਤੇ 10 ਵਿਚੋਂ 9 ਵਿਅਕਤੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਮਾਰਚ 2022 ਵਿੱਚ ਆਈਕਿਊ ਏਅਰ ਸੰਸਥਾਂ ਵਲੋਂ ਜਾਰੀ ਕੀਤੀ ਗਈ ਵਰਲਡ ਏਅਰ ਕੁਆਲਿਟੀ ਰਿਪੋਰਟ 2021 ਅਨੁਸਾਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ 50 ਸ਼ਹਿਰਾਂ ਵਿੱਚੋਂ 35 ਭਾਰਤ ਵਿੱਚ ਹਨ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਲਗਾਤਾਰ ਚੌਥੇ ਸਾਲ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਰਹੀ ਹੈ। ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਭਾਰਤ ਵਿੱਚ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਆਓ ਸੱਮੁਚੇ ਵਾਤਾਵਰਨ ਨੂੰ ਬਚਾਈਏ ਤੇ ਆਪਣੇ ਵਰਤਮਾਨ ਨੂੰ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਸੁਰੱਖਿਅਤ ਬਣਾਈਏ ।