
-ਤੰਦਰੁਸਤ ਰਹਿਣ ਲਈ ਸਾਈਕਲਿੰਗ ਕਰਨੀ ਲਾਹੇਵੰਦ-ਪਰਮਜੀਤ ਸੱਚਦੇਵਾ
(ਤਰਸੇਮ ਦੀਵਾਨਾ) ਹੁਸ਼ਿਆਰਪੁਰ | ਵਰਲਡ ਬਾਈਸਾਈਕਲ-ਡੇ ਮੌਕੇ ਫਿਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਾਈਕਲ ਰੈਲੀ ਕੱਢੀ ਗਈ ਜੋ ਕਿ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਤੇ ਚੰਡੀਗੜ੍ਹ ਰੋਡ ’ਤੇ 40 ਕਿਲੋਮੀਟਰ ਤੱਕ ਗਈ, ਸਮਾਜਸੇਵੀ ਤੇ ਸਾਈਕਲਿਸਟ .ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਕੱਢੀ ਗਈ ਇਸ ਜਾਗਰੂਕਤਾ ਰੈਲੀ ਵਿਚ 40 ਦੇ ਲੱਗਭੱਗ ਸਾਈਕਲਿਸਟਾਂ ਵੱਲੋਂ ਭਾਗ ਲਿਆ ਗਿਆ, ਦੱਸ ਦਈਏ ਕਿ ਯੂ.ਐਨ.ਓ.ਵੱਲੋਂ 3 ਜੂਨ ਨੂੰ ਵਰਲਡ ਸਾਈਕਲਿੰਗ ਡੇ ਐਲਾਨਿਆ ਗਿਆ ਹੈ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਜਿਵੇਂ-ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ ਤਿਵੇਂ-ਤਿਵੇਂ ਸਾਡੇ ਵਾਤਾਵਰਣ ਵਿਚ ਪ੍ਰਦੂਸ਼ਣ ਵੀ ਵੱਧ ਰਿਹਾ ਹੈ ਜੋ ਕਿ ਵੱਖ-ਵੱਖ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੇ ਜੇਕਰ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਭ ਨੂੰ ਤੰਦਰੁਸਤ ਰਹਿਣਾ ਪਵੇਗਾ ਤੇ ਇਸ ਸਮੇਂ ਤੰਦਰੁਸਤ ਰਹਿਣ ਵਿਚ ਸਾਈਕਲਿੰਗ ਦਾ ਵੱਡਾ ਯੋਗਦਾਨ ਹੈ। ਉਨਾਂ ਕਿਹਾ ਕਿ ਜਿਹੜੇ ਵਿਅਕਤੀ ਰੋਜਾਨਾ ਸਾਈਕਲਿੰਗ ਕਰਦੇ ਹਨ ਉਹ ਜਿੱਥੇ ਤੰਦਰੁਸਤ ਰਹਿੰਦੇ ਹਨ ਉੱਥੇ ਹੀ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਦੇ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਇਸ ਤਰ੍ਹਾਂ ਦੇ ਹਨ ਜਿੱਥੋਂ ਦੇ ਨਾਗਰਿਕਾਂ ਨੇ ਸਾਈਕਲਿੰਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ ਤੇ ਸਾਨੂੰ ਸਭ ਨੂੰ ਵੀ ਇਸ ਪਾਸੇ ਕਦਮ ਵਧਾਉਣੇ ਚਾਹੀਦੇ ਹਨ ਤੇ ਸਾਈਕਲਿੰਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਮੁਨੀਰ ਨਾਜਰ, ਉੱਤਮ ਸਿੰਘ, ਬਲਰਾਜ ਸਿੰਘ ਚੌਹਾਨ, ਅਮਰਿੰਦਰ ਸਿੰਘ, ਗੁਰਮੇਲ ਸਿੰਘ, ਤਰਲੋਚਨ ਕੇਸ਼ਵ, ਜਸਮੀਤ ਬੱਬਲ, ਅਮਨਦੀਪ ਕੌਰ, ਰਜਿੰਦਰ ਮਾਣਕੂ ਆਦਿ ਸਾਈਕਲਿਸਟ ਵੀ ਮੌਜੂਦ ਸਨ।