
ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਫਗਵਾੜਾ ਦਾ ਇਕ ਵਫਦ ਜਿਲ੍ਹਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਮੈਡਮ ਦਲਜੀਤ ਕੌਰ ਨੂੰ ਮਿਲਿਆ। ਵਫਦ ਵਿਚ ਆਪ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਨਿਰਮਲ ਸਿੰਘ, ਜਿਲ੍ਹਾ ਖਜਾਨਚੀ ਹਰਜਿੰਦਰ ਸਿੰਘ ਵਿਰਕ ਅਤੇ ਡਾ. ਜਤਿੰਦਰ ਸਿੰਘ ਪਰਹਾਰ ਆਦਿ ਵੀ ਸ਼ਾਮਲ ਸਨ। ਪਾਰਟੀ ਆਗੂਆਂ ਨੇ ਨਿਗਮ ਕਮਿਸ਼ਨਰ ਦਲਜੀਤ ਕੌਰ ਨੂੰ ਸ਼ਹਿਰ ਵਿਚ ਕੂੜੇ ਦੀ ਸਮੱਸਿਆ, ਬਰਸਾਤ ਤੋਂ ਪਹਿਲਾਂ ਸੀਵਰੇਜ ਸਫਾਈ ਦੀ ਲੋੜ ਅਤੇ ਬੰਦ ਸਟਰੀਟ ਲਾਈਟਾਂ ਦੀ ਮੁਰੰਮਤ ਦੀ ਜਰੂਰਤ ਬਾਰੇ ਦੱਸਿਆ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਸ਼ੁਗਰ ਮਿਲ ਚੌਕ ਫਲਾਈ ਓਵਰ ਦੇ ਹੇਠਾਂ ਕੂੜੇ ਦੀ ਸਫਾਈ ਕਰਵਾ ਕੇ ਮਾੜੀ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ। ਰਾਹਗੀਰਾਂ ਤੇ ਵਾਹਨ ਚਾਲਕਾਂ ਦੀ ਸਹੂਲਤ ਲਈ ਇਸ ਰਸਤੇ ਦੀ ਹਰ ਰੁਕਾਵਟ ਨੂੰ ਦੂਰ ਕਰਕੇ ਸਟਰੀਟ ਲਾਈਟਾਂ ਲਗਾਈਆਂ ਜਾਣ। ਨਿਗਮ ਕਮਿਸ਼ਨਰ ਦਲਜੀਤ ਕੌਰ ਨੇ ਤੁਰੰਤ ਕੂੜੇ ਦੇ ਢੇਰਾਂ ਨੂੰ ਹਟਾ ਕੇ ਖੂਬਸੂਰਤ ਬੂਟੇ ਲਗਾਉਣ ਇਸ ਸਬੰਧੀ ਨਿਰਦੇਸ਼ ਵੀ ਜਾਰੀ ਕੀਤੇ। ਨਿਰਮਲ ਸਿੰਘ ਨੇ ਕਿਹਾ ਕਿ ਬਰਸਾਤ ਤੋਂ ਪਹਿਲਾਂ ਹਰ ਉਸ ਇਲਾਕੇ ‘ਚ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਜਿੱਥੇ ਬਰਸਾਤੀ ਪਾਣੀ ਖੜਾ ਹੁੰਦਾ ਹੈ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ। ਜਿਲ੍ਹਾ ਕੈਸ਼ਿਅਰ ਹਰਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਸਮੇਂ ਚੋਰਾਂ ਦੇ ਹੌਸਲੇ ਬੁਲੰਦ ਰਹਿੰਦੇ ਹਨ। ਨਿਗਮ ਕਮਿਸ਼ਨਰ ਨੇ ਇਕ ਹਫਤੇ ‘ਚ ਇਸ ਸਮੱਸਿਆ ਦੇ ਹੱਲ ਦਾ ਵੀ ਭਰੋਸਾ ਦਿੱਤਾ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸ਼ਹਿਰ ਨੂੰ ਖੂਬਸੂਰਤ ਬਨਾਉਣ ਲਈ ਆਮ ਲੋਕਾਂ ਦਾ ਸਾਥ ਜਰੂਰੀ ਹੈ। ਲੋਕ ਨਾਲੀਆਂ ਵਿਚ ਡਿਸਪੋਜੇਬਲ ਵੇਸਟ ਵਗੈਰਾ ਨਾ ਸੁੱਟਣ ਤਾਂ ਜੋ ਸੀਵਰੇਜ ਜਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਕੂੜੇ ਨੂੰ ਇੱਧਰ ਉੱਧਰ ਸੁੱਟਣ ਦੀ ਬਜਾਏ ਕੂੜੇ ਦਾਨ ਵਿਚ ਹੀ ਪਾਇਆ ਜਾਵੇ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ ਹੀ ਆਪਣੇ ਫਰਜ਼ਾਂ ਬਾਰੇ ਵੀ ਜਾਗਰੁਕ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਜਗਤਜੀਤ ਸਿੰਘ ਵਿਰਕ ਜਿਲ੍ਹਾ ਪ੍ਰਧਾਨ ਡਾਕਟਰ ਵਿੰਗ, ਅਸ਼ੋਕ ਭਾਟੀਆ ਜਿਲ੍ਹਾ ਪ੍ਰਧਾਨ ਟ੍ਰੇਡਿੰਗ, ਵਿਜੇ ਕੁਮਾਰ ਹਲਕਾ ਕੋਆਰਡੀਨੇਟਰ ਐਸ.ਸੀ. ਵਿੰਗ, ਜਤਿੰਦਰ ਨਾਹਰ ਐਸ.ਸੀ. ਕਮੇਟੀ ਮੈਂਬਰ, ਕੇਵਿਨ ਸਿੰਘ ਯੂਥ ਪ੍ਰਧਾਨ ਹਲਕਾ ਫਗਵਾੜਾ, ਬਲਜੀਤ ਸਿੰਘ, ਰਾਮ ਕਿਸ਼ਨ ਭੱਟੀ, ਨਰਿੰਦਰ ਸਿੰਘ ਸੈਣੀ ਤੇ ਵਿੱਕੀ ਸਿੰਘ ਸੋਸ਼ਲ ਮੀਡੀਆ ਇੰਚਾਰਜ ਆਦਿ ਹਾਜਰ ਸਨ।