
ਘਰਾਚੋੰ ( ਜਗਸੀਰ ਲੌਂਗੋਵਾਲ ) : ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵੱਲੋਂ ਦੂਸਰਾ ਅੱਖਾਂ ਦਾ ਮੁਫ਼ਤ ਕੈਂਪ ਆਯੋਜਿਤ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਉੱਘੀ ਸਮਾਜ ਸੇਵਿਕਾ ਅਤੇ ਵੀਰਵਾਰ ਸੰਕੀਰਤਨ ਮੰਡਲ ਦੀ ਪ੍ਰਧਾਨ ਬੀ ਜੀ ਕਮਲ ਮੈਨਨ ਨੇ ਕੀਤਾ । ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਬੁਲਾਰੇ ਪ੍ਰਦੀਪ ਮੈਨਨ ਸ਼ਾਮਲ ਹੋਏ । ਇਸ ਮੌਕੇ ਮੁੱਖ ਮਹਿਮਾਨ ਪ੍ਰਦੀਪ ਮੈਨਨ ਨੇ ਬੋਲਦੇ ਹੋਏ ਕਿਹਾ ਕਿ ਮੈਨੂੰ ਇੱਥੇ ਆ ਕੇ ਅਤਿਅੰਤ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਘਰਾਚੋਂ ਵਿਖੇ ਚੱਲ ਰਿਹਾ ਇਹ ਬਿਰਧ ਆਸ਼ਰਮ ਸਿਰਫ ਇਕ ਆਸ਼ਰਮ ਹੀ ਨਹੀਂ ਬਲਕਿ ਉਨ੍ਹਾਂ ਬੇਘਰੇ ਬਜ਼ੁਰਗਾਂ ਦਾ ਘਰ ਹੈ ਜਿਨ੍ਹਾਂ ਨੂੰ ਵਕਤ ਨੇ ਜਾਂ ਸਾਡੇ ਖ਼ੂਨ ਦੇ ਰਿਸ਼ਤਿਆਂ ਨੇ ਬੇਘਰ ਕਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਬਿਰਧ ਘਰ ਦੀ ਪੂਰੀ ਟੀਮ ਇਸ ਪਵਿੱਤਰ ਕਾਰਜ ਲਈ ਵਧਾਈ ਦੀ ਪਾਤਰ ਹੈ, ਜੋਕਿ ਇਨ੍ਹਾਂ ਬੇਸਹਾਰਾ ਮਰੀਜ਼ਾਂ ਬਜ਼ੁਰਗਾਂ ਅਤੇ ਮੰਦਬੁੱਧੀ ਲੋਕਾਂ ਨੂੰ ਕੇਵਲ ਸੰਭਾਲ ਹੀ ਨਹੀਂ ਰਹੇ ਬਲਕਿ ਉਨ੍ਹਾਂ ਦੀ ਤਨੋ ਮਨੋ ਧਨੋ ਸੇਵਾ ਸੇਵਾ ਵਿੱਚ ਲੱਗੇ ਹੋਏ ਹਨ । ਇਸ ਸਮੇਂ ਉਨ੍ਹਾਂ ਬਿਰਧ ਆਸ਼ਰਮ ਲਈ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ । ਇਸ ਮੌਕੇ ਸੰਸਥਾ ਦਿ ਪ੍ਰਬੰਧਕ ਰਾਜੇਸ਼ ਕੁਮਾਰੀ ਨੇ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਅੱਖਾਂ ਦੇ ਆਪ੍ਰੇਸ਼ਨਾਂ ਤੋਂ ਇਲਾਵਾ ਮਰੀਜ਼ਾਂ ਨੂੰ ਸਮੇਂ ਸਮੇਂ ਤੇ ਚੈੱਕ ਕਰਨ ਦੇ ਲਈ ਡਾਕਟਰ ਸਾਹਿਬਾਨ ਪਹੁੰਚਦੇ ਰਹਿੰਦੇ ਹਨ । ਬਿਰਧ ਆਸ਼ਰਮ ਦੇ ਚੇਅਰਮੈਨ ਅਵਿਨਾਸ਼ ਰਾਣਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਹੱਡੀਆਂ ਅਤੇ ਮਾਨਸਿਕ ਰੋਗਾਂ ਦਾ ਇਕ ਕੈਂਪ ਆਯੋਜਿਤ ਕੀਤਾ ਜਾਵੇਗਾ । ਇਸ ਸਮੇਂ ਵੀਰਵਾਰ ਸੰਕੀਰਤਨ ਮੰਡਲ ਦੀ ਪ੍ਰਧਾਨ ਕਮਲ ਮੈਨਨ, ਮੈਂਬਰ ਦਰਸ਼ਨਾ ਦੇਵੀ, ਸੰਤੋਸ਼ ਕੁਮਾਰੀ,ਲਕਸ਼ਮੀ ਦੇਵੀ ਅਤੇ ਸਮੂਹ ਸੰਕੀਰਤਨ ਮੰਡਲੀ ਵੱਲੋਂ ਵੀ ਬਿਰਧ ਆਸ਼ਰਮ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਅਤੇ ਇਕਵੰਜਾ ਸੌ ਰੁਪਏ ਆਪ੍ਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਦੀ ਸੇਵਾ ਅਤੇ ਖ਼ੁਰਾਕ ਲਈ ਦਿੱਤੇ ਗਏ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਰੇਣੂ ਰਾਣਾ, ਮਨਜੀਤ ਸਿੰਘ, ਗੋਬਿੰਦ ਸਿੰਘ, ਸ਼ਿਵਦੀਪ ਸਿੰਘ, ਇਸ਼ਾਨਦੀਪ, ਲਵ ਕਿਰਨ ਸ਼ਰਮਾ, ਲਵਪ੍ਰੀਤ ਕੌਰ ,ਰੋਮੀ ਗਰਗ,ਮਨਦੀਪ ਕੌਰ ਤੇ ਸੰਦੀਪ ਕੌਰ ਆਦਿ ਹਾਜ਼ਰ ਸਨ ।