ਮਲੇਰੀਆ ਮੁਕਤ ਸੂਬਾ ਬਣਾਉਣ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰੀ : ਡਾ.ਕੁਲਤਾਰ ਸਿੰਘ
ਮਲੋਟ/ਮੁਕਤਸਰ (ਪ੍ਰੇਮ ਗਰਗ) : ਮਲੇਰੀਆ ਅਤੇ ਡੇਂਗੂ ਦੇ ਪ੍ਰਕੋਪ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ‘ਚ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ.ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀਐਚਸੀ ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਕੁਲਤਾਰ ਸਿੰਘ ਦੀ ਅਗਵਾਈ ਵਿੱਚ ਪਿੰਡ ਗੰਧੜ ਅਤੇ ਚੱਕ ਸ਼ੇਰੇਵਾਲਾ ਵਿੱਚ ਬਣੇ ਛੱਪੜਾਂ ਵਿੱਚ ਮੱਛਰ ਮਾਰਨ ਲਈ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਵ ਕਰਵਾਇਆ ਗਿਆ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੇਂਡੂ ਸਿਹਤ ਸਫਾਈ, ਪੋਸ਼ਣ ਕਮੇਟੀ ਅਤੇ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਵਿੱਚ ਬਣੇ ਛੱਪੜਾਂ ਵਿੱਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਅ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਮੱਛਰ ਐਨਾਫਲੀਜ ਦੇ ਕੱਟਣ ਨਾਲ ਫੈਲਦਾ ਹੈ। ਠੰਡ ਅਤੇ ਕੰਬਣੀ ਦੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ, ਬੁਖਾਰ ਉੱਤਰਨ ‘ਤੇ ਥਕਾਵਟ ਰਹਿਣਾ, ਕਮਜੋਰੀ ਅਤੇ ਰਾਤ ਦੇ ਸਮੇਂ ਮੁੜਕਾ ਆਉਣਾ ਇਸਦੇ ਲੱਛਣ ਹਨ। ਡੇਂਗੂ ਦੇ ਬਾਰੇ ਵਿੱਚ ਮਲਟੀਪਰਪਜ਼ ਹੈਲਥ ਵਰਕਰ ਮਨਜੀਤ ਸਿੰਘ ਨੇ ਦੱਸਿਆ ਕਿ ਮਾਦਾ ਮੱਛਰ ਏਡੀਜ ਏਜਿਪਟੀ ਡੇਂਗੂ ਅਤੇ ਚਿਕਨਗੁਨਿਆ ਫੈਲਾਉਂਦਾ ਹੈ। ਤੇਜ ਬੁਖਾਰ, ਸਿਰ ਦਰਦ, ਮਾਂਸਪੇਸ਼ੀਆਂ ਵਿੱਚ ਦਰਦ, ਚਮੜੀ ‘ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਅਤੇ ਮਸੂੜੇ ਅਤੇ ਨੱਕ ਵਿੱਚੋਂ ਖੂਨ ਵਗਣਾ ਡੇਂਗੂ ਅਤੇ ਚਿਕਨਗੁਨੀਆ ਦੇ ਮੁੱਖ ਲੱਛਣ ਹਨ। ਉਨਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਤੇੜੇ ਪਾਣੀ ਇਕੱਠਾ ਨਾ ਹੋਣ ਦੇਣ, ਨਾਲੀਆਂ ਅਤੇ ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਨ, ਸਰੀਰ ਨੂੰ ਢਕ ਕੇ ਰੱਖਣ ਅਤੇ ਮੱਛਰ ਮਾਰਨ ਵਾਲੀ ਦਵਾਈ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਬੀਈਈ ਮਨਬੀਰ ਸਿੰਘ ਨੇ ਕਿਹਾ ਕਿ ਉਪਰੋਕਤ ਲੱਛਣ ਨਜ਼ਰ ਆਉਣ ‘ਤੇ ਆਪਣੇ ਨਜਦੀਕੀ ਸਿਹਤ ਕੇਂਦਰ ‘ਚ ਜਾ ਕੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਨੇ ਅਪੀਲ ਕੀਤੀ ਕਿ ਡੇਂਗੂ ਅਤੇ ਮਲੇਰੀਆ ਮੁਕਤ ਸੂਬਾ ਬਣਾਉਣ ਲਈ ਜਰੂਰੀ ਹੈ ਕਿ ਲੋਕ ਜਾਗਰੂਕ ਹੋਣ ਅਤੇ ਆਪਣਾ ਸਹਿਯੋਗ ਦੇਣ। ਇਸ ਮੌਕੇ ਤੇ ਏਐਨਐਮ ਅਮਨਦੀਪ ਕੌਰ ਅਤੇ ਪਿੰਡ ਦੀ ਆਸ਼ਾ ਵਰਕਰ ਵੀ ਮੌਜੂਦ ਸਨ।