
ਫਗਵਾੜਾ (ਸ਼ਿਵ ਕੋੜਾ) : ਵਾਹਿਦ ਯੂਥ ਸਪੋਰਟਸ ਕਲੱਬ ਪਿੰਡ ਵਾਹਦ ਵਿਖੇ ਸਵ. ਪੰਮਾ ਵਾਹਦ ਦੀ ਯਾਦ ਨੂੰ ਸਮਰਪਿਤ ਤੀਜਾ ਕਬੱਡੀ ਅਤੇ ਟਰੈਕਟਰ ਤਵੀਆਂ ਪੇਂਡੂ ਖੇਡ ਮੇਲਾ ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦਾ ਉਦਘਾਟਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂੰਰ ਸਿੰਘ ਹਰਜੀ ਮਾਨ ਵਲੋਂ ਕੀਤਾ ਗਿਆ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਦਲਜੀਤ ਸਿੰਘ ਰਾਜੂ, ਸਰਪੰਚ ਅਵਤਾਰ ਸਿੰਘ ਪੰਡਵਾ ਅਤੇ ਇੰਦਰਜੀਤ ਸਿੰਘ ਖਲਿਆਣ ਨੇ ਵੀ ਖੇਡ ਮੇਲੇ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਹਰਜੀ ਮਾਨ ਤੇ ਹੋਰਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਖੇਡ ਮੇਲੇ ਪੰਜਾਬੀ ਸੱਭਿਆਚਾਰਾ ਦਾ ਅਟੁੱਟ ਹਿੱਸਾ ਹਨ। ਇਹ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵੱਲ ਉਤਸ਼ਾਹਤ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ। ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਦਿੱਲ ਖਿਚਵੇਂ ਇਨਾਮਾ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਖੇਡ ਪ੍ਰੇਮੀ ਹਾਜਰ ਸਨ।