-ਪਾਵਰਕਾਮ ਦੇ ਸ਼ਾਮਚੁਰਾਸੀ ਮੰਡਲ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ ( ਤਰਸੇਮ ਦੀਵਾਨਾ) : ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਬਿਜਲੀ ਖਪਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੇ ਮਕਸਦ ਨਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਹੁਸ਼ਿਆਰਪੁਰ ਵਿਖੇ ਪਾਵਰਕਾਮ ਦੇ ਉੱਪ ਮੁੱਖ ਇੰਜੀਨੀਅਰ ਸੰਚਾਲਨ ਦੇ ਚੈਂਬਰ ਵਿਚ ਹਲਕਾ ਸ਼ਾਮਚੁਰਾਸੀ ਅਧੀਨ ਆਉਦੇ ਸਾਰੇ ਮੰਡਲ ਤੇ ਉੱਪ ਮੰਡਲ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਹਦਾਇਤ ਕੀਤੀ ਕਿ ਖਪਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਤੇ ਖਪਤਕਾਰਾਂ ਦੀਆਂ ਬਿਜਲੀ ਦੀ ਸਪਲਾਈ ਤੇ ਬਿੱਲਾਂ ਨੂੰ ਲੈ ਕੇ ਜੋ ਸ਼ਿਕਾਇਤਾਂ ਹਨ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਸਮੇਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਸਾਡਾ ਮਕਸਦ ਸਾਫ ਹੈ ਜਿਸ ਮੁਤਾਬਿਕ ਸਭ ਤੱਕ ਸਹੂਲਤਾਂ ਪੁੱਜਦੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਸ ਸਮੇਂ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜਿਮਾਂ ਨੂੰ ਅਪੀਲ ਕਿ ਜਦੋਂ ਵੀ ਲੋਕ ਉਨ੍ਹਾਂ ਕੋੇਲ ਆਪਣੀ ਮੁਸ਼ਕਿਲ ਲੈ ਕੇ ਆਉਣ ਤੁਰੰਤ ਉਸ ਦਾ ਹੱਲ ਕੀਤਾ ਜਾਵੇ। ਇਸ ਮੌਕੇ ਡਾ. ਰਵਜੋਤ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਕਿਉਕਿ ਕਣਕ ਦੀ ਫਸਲ ਲੱਗਭੱਗ ਪੱਕ ਚੁੱਕੀ ਹੈ ਇਸ ਲਈ ਜਿੱਥੇ ਵੀ ਕਿਸੇ ਖਪਤਕਾਰ ਨੂੰ ਬਿਜਲੀ ਦੀ ਸਪਾਰਕਿੰਗ ਹੁੰਦੀ ਦਿਖਾਈ ਦੇਵੇ ਤਦ ਉਸ ਸਬੰਧੀ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਪਸੀ ਤਾਲਮੇਲ ਨਾਲ ਕਿਸੇ ਵੀ ਤਰਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਆਪ ਦੇ ਆਗੂ ਗੁਰਵਿੰਦਰ ਸਿੰਘ ਪਾਬਲਾ, ਲਵਦੀਪ ਸਿੰਘ ਗਿੱਲ, ਪ੍ਰਦੀਪ ਸੈਣੀ ਵੀ ਮੌਜੂਦ ਸਨ।