ਜਿੰਦਗੀ ਹਢਾਅ ਤਾਂ ਹਰ ਕੋਈ ਰਿਹਾ ਹੈ ਪਰ ਜਿੰਦਗੀ ਜਿਉਣਾਂ ਇੱਕ ਕਲਾ ਹੈ।ਅਜੋਕੇ ਸਮੇਂ ਵਿੱਚ ਇਹ ਕਲਾ ਵਿਰਲੇ ਲੋਕਾਂ ਕੋਲ ਹੀ ਹੈ।ਸੱਚ ਪੁੱਛੋ ਤਾਂ ਜਿੰਦਗੀ ਮੋਹ ਮਾਇਆ ਦੇ ਜਾਲ ਵਿੱਚ ਇੰਨੀ ਉਲਝ ਕੇ ਰਹਿ ਗਈ ਹੈ ਕਿ ਬਹੁਤ ਲੋਕ ਇਸ ਜੱਗ ਤੇ ਅਜਿਹੇ ਹਨ ਜਿੰਨ੍ਹਾਂ ਕੋਲ ਪੈਸਾ ਕਮਾਉਣ ਲਈ ਤਾਂ ਸਮਾਂ ਹੈ ਪਰ ਉਸੇ ਪੈਸੇ ਦਾ ਆਨੰਦ ਮਾਨਣ ਲਈ ਸਮਾਂ ਨਹੀਂ ਹੈ। ਤਰੱਕੀ ਦੀਆਂ ਰਾਹਾਂ ਵੱਲ ਵਧਦੇ ਵਧਦੇ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਆਪਣੇ ਮੂਲ (ਪਰਿਵਾਰ) ਤੋਂ ਵੱਖ ਹੋ ਗਿਆ ਹੈ। ਮਾਪਿਆ ਦੀ ਜਿੰਦਗੀ ਬੱਚਿਆਂ ਨੂੰ ਚੰਗਾ ਪੜ੍ਹਾਉਣ ਤੇ ਵਧੀਆ ਕਿੱਤੇ ਲਗਾਉਣ ਵਿੱਚ ਲੰਘ ਜਾਂਦੀ ਹੈ ਅਤੇ ਜਦੋਂ ਸੁੱਖ ਮਾਨਣ ਦਾ ਸਮਾਂ ਆਉਂਦਾ ਹੈ ਤਾਂ ਉਹੀ ਬੱਚੇ ਆਪਣੇ ਖੰਭਾਂ ਨੂੰ ਪਸਾਰ ਉਡਾਰੀ ਮਾਰ ਜਾਂਦੇ ਹਨ ਤੇ ਆਪਣੀ ਨਵੀਂ ਦੁਨੀਆਂ ਵਿੱਚ ਕਿਧਰੇ ਖੋ ਜਾਂਦੇ ਹਨ।ਬੁਢੀਆਂ ਅੱਖਾਂ ਦੇ ਹਿੱਸੇ ਸਿਰਫ ਉਡੀਕ ਰਹਿ ਜਾਂਦੀ ਹੈ। ਇਹੀ ਪੰਰਪੰਰਾ ਪੀੜੀ ਦਰ ਪੀੜੀ ਚਲਦੀ ਰਹਿੰਦੀ ਹੈ। 21ਵੀਂ ਸਦੀ ਦੇ ਰਿਸ਼ਤੇ ਖੂਨ ਜਾਂ ਦਿਲ ਦੀਆਂ ਭਾਵਨਾਵਾਂ ਦੇ ਨਹੀਂ ਬਲਕਿ ਸਟੇਟਸ ਤੇ ਦੌਲਤ ਦੇ ਨਾਮ ਹਨ ਜੋ ਅੰਦਰੋਂ ਬਿਲਕੁਲ ਖੋਖਲੇ ਹਨ। ਅਜਿਹੇ ਰਿਸ਼ਤਿਆਂ ਦੀ ਬੁਨਿਆਦ ਵਿਸ਼ਵਾਸ਼ ਤੇ ਨਹੀਂ ਬਲਕਿ ਫਾਇਦਾ ਜਾਂ ਨੁਕਸਾਨ ਤੇ ਟਿਕੀ ਹੁੰਦੀ ਹੈ।ਇੱਕ ਸਮਾਂ ਸੀ ਜਦੋਂ ਲੈਣ ਦੇਣ ਅਤੇ ਰਿਸ਼ਤੇ ਜੁਬਾਨਾ ਦੇ ਸਿਰ ਤੇ ਹੁੰਦੇ ਸੀ ਤੇ ਇੱਕ ਅੱਜ ਦਾ ਸਮਾਂ ਹੈ ਜੋ ਦਿਨੋ ਦਿਨ ਕੋਰਟ ਕਚਹਿਰੀਆਂ ਦੇ ਰਾਹਾਂ ਵੱਲ ਵਧ ਰਿਹਾ ਹੈ। ਪਰ ਫਿਰ ਵੀ ਅਸੀਂ ਉਸ ਦੌੜ ‘ਚ ਸ਼ਾਮਲ ਹੋ ਗਏ ਹਾਂ ਜੋ ਮੰਜਿਲ ਵੱਲ ਨਹੀਂ ਬਲਕਿ ਕਿਸੇ ਭੁੱਲ ਭੁੱਲਈਆ ਵੱਲ ਜਾ ਰਹੀ ਹੈ ਅਤੇ ਅਸੀਂ ਉਸ ਭੁੱਲ- ਭੁੱਲਈਆ ਵਿੱਚ ਕਿਧਰੇ ਖੋ ਜਾਂਦੇ ਹਾਂ। ਆਓ ਆਤਮ ਪਰਖ ਕਰੀਏ ਅਤੇ ਹਰ ਰੋਜ ਪੰਜ ਮਿੰਟ ਦਾ ਸਮਾਂ ਕੱਢ ਕੇ ਲੇਖਾ ਜੋਖਾ ਕਰ ਲਈਏ ਕਿ ਜਿੰਦਗੀ ਵਿੱਚ ਸੱਚ ਵੱਲ ਪੱਲੜਾ ਭਾਰੀ ਹੈ ਜਾਂ ਝੂਠ ਵੱਲ। ਸਾਹਾਂ ਦਾ ਕੀ ਭਰੋਸਾ ਕਦੋਂ ਡੋਰੀ ਟੁੱਟ ਜਾਵੇ।

ਜਸਦੀਪ ਕੌਰ (ਕੰਪਿਊਟਰ ਫੈਕਲਟੀ)
ਸ਼.ਸ੍ਰ.ਭ.ਸ.ਸ.ਸ.ਸ.ਸ. ਲੌਂਗੋਵਾਲ(ਕ),ਸੰਗਰੂਰ