15 ਮਾਰਚ 2022 ਲਈ ਦਲਿਤ ਆਗੂ ਅਤੇ ਬੀਐਸਪੀ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਦੇ ਜਨਮ ਦਿਵਸ ਸਬੰਧੀ ਵਿਸ਼ੇਸ਼

Share and Enjoy !

Shares

– ਸਾਹਿਬ ਕਾਂਸ਼ੀ ਰਾਮ ਨੇ ਦੱਬੇ ਕੁਚਲੇ ਵਰਗਾਂ ਨੂੰ 85 ਫਿਸਦੀ ਦਾ ਨਾਅਰਾ ਦੇਕੇ ਅਤੇ ਸੰਗਠਿਤ ਕਰਕੇ ਅਪਣੇ ਹੱਕਾਂ ਲਈ ਲੜਣ ਅਤੇ ਰਾਜਨੀਤੀ ਲਈ ਤਿਆਰ ਕੀਤਾ। ਆਦਿ ਧਰਮ ਲਹਿਰ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ।

ਭਾਰਤ ਲੰਬਾ ਸਮਾਂ ਵਿਦੇਸ਼ੀ ਹਾਕਮਾਂ ਦਾ ਗੁਲਾਮ ਰਿਹਾ ਹੈ ਅਤੇ ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਸਮਾਜਿਕ ਅਤੇ ਧਾਰਮਿਕ ਕੁਰਿਤੀ ਜਾਤ ਅਧਾਰਤ ਵਿਤਕਰੇ ਦਾ ਸ਼ਿਕਾਰ ਰਿਹਾ ਹੈ। ਇਸ ਵਿੱਤਕਰੇ ਨੂੰ ਖਤਮ ਕਰਨ ਲਈ ਸਮੇਂ ਸਮੇਂ ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਮੁਹਿੰਮ ਚਲਾਈ ਹੈ। 15 ਅਗੱਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਪਰ ਜਾਤ ਪਾਤ ਅਧਾਰਿਤ ਵਿਤਕਰੇ ਤੋਂ ਬਹੁਤੇ ਲੋਕਾਂ ਨੂੰ ਅਜਾਦੀ ਨਾਂ ਮਿਲ ਸਕੀ। ਇਸ ਅਜਾਦੀ ਦੀ ਲੋਅ ਅਛੂਤਾਂ ਅਤੇ ਪੱਛੜੇ ਵਰਗਾਂ ਦੇ ਘਰਾਂ ਤੱਕ ਪਹੁੰਚਾਣ ਲਈ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨਾਂ ਨੂੰ ਸਾਹਿਬ ਅਤੇ ਮਾਨਿਆਵਾਰ ਵੀ ਕਿਹਾ ਜਾਂਦਾ ਹੈ ਨੇ ਮੁਹਿੰਮ ਚਲਾਈ ਅਤੇ ਉੱਤਰ ਪ੍ਰਦੇਸ਼ ਵਰਗੇ ਸੂੱਬੇ ਵਿੱਚ ਸਰਕਾਰ ਬਣਾਕੇ ਮੰਨੂਵਾਦੀ ਸੱਤਾਧਾਰੀ ਪ੍ਰਥਾ ਨੂੰ ਤੋੜਿਆ। ਸਾਹਿਬ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨਾਂ ਦੇ ਨਾਨਕੇ ਘਰ ਨਾਨਾ ਸਾਹਿਬ ਦਿਤਾ ਅਤੇ ਨਾਨੀ ਪ੍ਰਸਿੰਨੀ ਦੇਵੀ ਨੰਗਲ-ਚੰਡੀਗੜ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪਿ੍ਰਥੀਪੁਰ ਜਿਲਾ ਰੂਪਨਗਰ ਵਿੱਚ ਹੋਇਆ। ਆਪ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ ਅਤੇ ਚਮਾਰ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ। ਆਪ ਦਾ ਪਰਿਵਾਰ ਨੰਗਲ-ਚੰਡੀਗੜ ਮੁੱਖ ਮਾਰਗ ਤੇ ਰੂਪਨਗਰ ਜਿਲੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਸਨ ਪ੍ਰੰਤੂ ਆਪ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਆਪ ਦਾ ਨਾਨੀ ਨਾਲ ਗੂੜਾ ਪਿਆਰ ਸੀ ਜਿਸ ਕਰਕੇ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ ਅਤੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ। ਆਪ ਨੇ ਮੁਢਲੀ ਪੜਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ 1956 ਵਿੱਚ ਵਿਗਿਆਨ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਆਪ ਦੀ ਮੰਗਣੀ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਆਪ ਨੇ ਵਿਆਹ ਕਰਵਾਉਣ ਤੋਂ ਮਨਾਂ ਹੀ ਕਰ ਦਿਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। 1957 ਵਿੱਚ ਆਪ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿੱਆ ਪਾਸ ਕੀਤੀ ਅਤੇ ਇਸਦੀ ਟ੍ੇਨਿੰਗ ਲਈ ਦੇਹਰਾਦੂਨ ਚੱਲੇ ਗਏ। ਇਸ ਟ੍ੇਨਿੰਗ ਲਈ ਸਮੂਹ ਸਿਖਿੱਆਰਥੀਆਂ ਨੂੰ ਇੱਕ ਬਾਂਡ ਭਰਨ ਲਈ ਕਿਹਾ ਗਿਆ ਜਿਸ ਅਨੁਸਾਰ ਇੱਕ ਨਿਸ਼ਚਿੱਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜਰੂਰੀ ਸੀ ਪਰੰਤੂ ਆਪ ਨੇ ਮਨਾਂ ਕਰ ਦਿੱਤਾ ਅਤੇ ਇਹ ਟ੍ੇਨਿੰਗ ਛੱਡਕੇ ਵਾਪਸ ਆ ਗਏ। ਇਸਤੋਂ ਬਾਦ ਆਪ ਨੇ ਰੱਖਿਆ ਉਤਪਾਦਨ ਵਿਭਾਗ ਪੂਨਾ ਵਿੱਚ ਸਹਾਇਕ ਵਿਗਿਆਨੀ ਦੇ ਤੋਰ ਤੇ ਨੌਕਰੀ ਸ਼ੁਰੂ ਕੀਤੀ। 1965 ਵਿੱਚ ਉਨਾਂ ਨੇ ਅਪਣੇ ਅਦਾਰੇ ਵਿੱਚ ਇੱਕ ਹੋਰ ਅਛੂਤ ਸਟਾਫ ਮੈਂਬਰ ਦੀਨਾ ਭਾਨਾ ਨਾਲ ਮਿਲਕੇ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਸਬੰਧੀ ਹੋਣ ਵਾਲੀਆਂ ਛੁੱਟੀਆਂ ਪ੍ਬੰਧਕਾਂ ਵਲੋਂ ਰੱਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਘਰਸ ਕਰਕੇ ਬੰਦ ਕੀਤੀਆਂ ਗਈਆਂ ਇਹ ਛੁੱਟੀਆਂ ਮੁੜ ਸ਼ੁਰੂ ਕਰਵਾਈਆਂ। ਇਸ ਤੋਂ ਬਾਦ ਆਪ ਨੇ 1971 ਵਿੱਚ ਅਪਣੀ ਇਸ ਨੌਕਰੀ ਤੋਂ ਤਿਆਗ ਪੱਤਰ ਦੇ ਦਿਤਾ ਅਤੇ ਦੇਸ਼ ਵਿੱਚ ਦਲਿਤਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਕਰਮਚਾਰੀ ਵੈਲਫੇਅਰ ਸੰਸਥਾ ਬਾਮਸੇਫ ਦੀ ਸਥਾਪਨਾ ਕੀਤੀ। ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। ਆਪ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਵਿਚਕਾਰ ਸਮਝੋਤਾ ਸੀ ਨੇ ਸਿਰਫ ਚੱਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦਿੱਤੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਆਪ ਨੇ ਇਸ ਸਬੰਧੀ ਅਪਣੀ ਕਿਤਾਬ ਚੱਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। 1973 ਵਿੱਚ ਬੈਕਵਰਡ ਐਂਡ ਮਾਇਨਾਰਿਟੀ ਕਮਿਉਨਿਟੀ ਇੰਮਪਲਾਇਜ਼ ਫੈਡਰੇਸ਼ਨ ਬਾਮਸੇਫ ਦੀ ਸਥਾਪਨਾ ਕੀਤੀ ਅਤੇ ਇਸਦਾ ਦਫਤਰ 1976 ਵਿੱਚ ਦਿੱਲੀ ਵਿੱਚ ਖੋਲਿਆ ਗਿਆ। ਇਸ ਸੰਸਥਾ ਦਾ ਮੁੱਖ ਉਦੇਸ਼ ਡਾਕਟਰ ਅੰਬੇਡਕਰ ਵਲੋਂ ਦਿੱਤੇ ਗਏ ਪੜੋ, ਜੁੜੋ ਅਤੇ ਸੰਘਰਸ਼ ਕਰੋ ਰੱਖਿਆ ਗਿਆ। ਆਪ ਨੇ ਡਾਕਟਰ ਅੰਬੇਡਕਰ ਅਤੇ ਸਮਾਜ ਦੇ ਹੋਰ ਰਹਿਵਰਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਣ ਲਈ ਅਪਣੇ ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਬਹੁਜਨ ਹਿਤਾਏ, ਬਹੁਜਨ ਸੁਖਾਏ ਲਹਿਰ ਚਲਾਈ। ਸਾਲ 1980 ਵਿੱਚ ਆਪ ਨੇ ਅੰਬੇਡਕਰ ਮੇਲਾ ਨਾਮ ਤੇ ਪੈਦਲ ਯਾਤਰਾ ਕੀਤੀ। ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ ਅਤੇ ਡਾਕਟਰ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਬਣਾ ਦਿਤੀ ਅਤੇ ਕਰੋੜਾਂ ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। ਸਾਲ 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਦੱਸਣ ਯੋਗ ਹੈ ਕਿ 1996 ਵਿੱਚ ਪੰਜਾਬ ਦੇ ਜਿਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਤੋਂ ਆਪ ਲੋਕ ਸਭਾ ਮੈਂਬਰ ਬਣੇ ਇਸੇ ਹਲਕੇ ਤੋਂ ਹੀ 50 ਸਾਲ ਪਹਿਲਾਂ ਆਦਿ ਧਰਮ ਮੁਹਿੰਮ ਦੇ ਮੋਢੀ ਬਾਬੂ ਮੰਗੂ ਰਾਮ ਮੂਗੋਵਾਲੀਆ ਵਿਧਾਇਕ ਬਣੇ ਸਨ। 18 ਫਰਵਰੀ 2001 ਨੂੰ ਆਦਿ ਧਰਮ ਮੰਡਲ ਦੀ ਸਥਾਪਨਾ ਦੇ 75 ਸਾਲ ਹੋਣ ਤੇ ਬਹੁਜਨ ਸਮਾਜ ਪਾਰਟੀ ਵਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਪ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ਤੇ ਚੱਲਣ ਦਾ ਸੁਨੇਹਾ ਦਿਤਾ। 1998 ਵਿੱਚ ਆਪ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘੱਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ। ਆਪ ਦੇਸ਼ ਦੇ ਬਹੁਜਨ ਸਮਾਜ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾਉਣਾ ਚਾਹੁੰਦੇ ਸਨ ਪਰ ਸਫਲ ਨਾਂ ਹੋ ਸਕੇ। ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕੀਤੀ ਪਰੰਤੂ ਆਪ ਨੇ ਸਾਫ ਕਹਿ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਜਿਸ ਨਾਲ ਉਹ ਦਲਿਤਾਂ ਸਮੇਤ ਬਾਕੀ ਲੋਕਾਂ ਦੇ ਭਲੇ ਲਈ ਕੰਮ ਕਰ ਸਕਣ। ਜਿਸਕੀ ਜਿਤਨੀ ਸੰਖਿਆ ਭਾਰੀ ਉਤਨੀ ਉਸਦੀ ਹਿੱਸੇਦਾਰੀ ਦਾ ਨਾਅਰਾ ਦੇਣ ਵਾਲੇ ਕਾਂਸ਼ੀ ਰਾਮ ਸੱਤਾ ਦਾ ਚਸਕਾ ਪਾਕੇ ਸੱਤਾ ਨੂੰ ਦੱਲਿਤਾਂ ਦੇ ਦਰਵਾਜੇ ਤੱਕ ਲਿਆਉਣਾ ਚਾਹੁੰਦੇ ਸਨ। ਉਹ ਰਾਸ਼ਟਰਪਤੀ ਬਣਕੇ ਚੁੱਪਚਾਪ ਬੈਠਣ ਲਈ ਤਿਆਰ ਨਹੀਂ ਹੋਏ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ 1994 ਵਿੱਚ ਦਿਲ ਦਾ ਦੌਰਾ ਪੈ ਗਿਆ। 2003 ਵਿੱਚ ਆਪ ਦੀ ਹਾਲਤ ਹੋਰ ਜਿਆਦਾ ਖਰਾਬ ਹੋ ਗਈ ਅਤੇ 2004 ਤੋਂ ਬਾਦ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ ਮਿਤੀ 09 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਉਨਾਂ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨਾ ਦੇ ਨਾਨਕੇ ਪਿੰਡ ਪਿ੍ਰਥੀਪੁਰ ਬੂੰਗਾ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਤਿਆਰ ਕੀਤੀ ਗਈ ਹੈ। ਇਸ ਟਰਸਟ ਦਾ ਨੀਂਹ ਪੱਥਰ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ 15 ਮਾਰਚ, 2013 ਨੂੰ ਪੀ ਐਲ ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ। ਕਾਂਗਰਸੀ ਆਗੂ ਰਾਜ ਸਭਾ ਮੈਂਬਰ ਸ਼ਮਸੇਰ ਸਿੰਘ ਦੂਲੋਂ ਵਲੋਂ ਇਸ ਪਿੰਡ ਵਿੱਚ ਵਿਸੇਸ ਤੌਰ ਤੇ ਇੱਕ ਭਵਨ ਬਣਵਾਇਆ ਗਿਆ ਹੈ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜੇ ਰਹੇਪਰੰਤੂ ਹੁਣ ਉਨਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ ਅਤੇ ਸਮੇਂ ਸਮੇਂ ਤੇ ਸਮਾਜਿਕ, ਧਾਰਮਿਕ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰ ਆਗੂ ਇਸ ਟਰੱਸਟ ਵਿੱਚ ਆਂਦੇ ਹਨ ਅਤੇ ਬਾਬੂ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦੇ ਹਨ। ਹਰ ਸਾਲ ਦੀ ਤਰਾਂ ਅੱਜ 15 ਮਾਰਚ, 2022 ਨੂੰ ਇਸ ਟਰੱਸਟ ਵਲੋਂ ਬਾਬੂ ਜੀ ਦੇ ਜਨਮ ਦਿਵਸ ਸਬੰਧੀ ਵਿਸੇਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਪਹੁੰਚਕੇ ਉਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲਾ ਰੂਪਨਗਰ ਪੰਜਾਬ
9417563054

 

About Post Author

Share and Enjoy !

Shares

Leave a Reply

Your email address will not be published.