
ਮਲੋਟ (ਪ੍ਰੇਮ ਗਰਗ) : ਇਲਾਕੇ ਦੀ ਨਾਮਵਰ ਸੀਜੀਐਮ ਸੰਸਥਾ ਮੋਹਲਾਂ ਵਿੱਚ ਪੰਜਾਬ ਪੁਲੀਸ ਵਿਭਾਗ ਦੀ ਟੀਮ ਵੱਲੋਂ ਨਸ਼ਿਆਂ ਅਤੇ ਟ੍ਰੈਫਿਕ ਬਾਰੇ ਸੈਮੀਨਾਰ ਲਾਇਆ ਗਿਆ। ਇਸ ਸੈਮੀਨਾਰ ਵਿਚ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਕਾਸਮ ਅਲੀ ਅਤੇ ਹਰਮੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਤੇ ਨਸ਼ਿਆਂ ਦੇ ਬਾਰੇ ਜਾਣਕਾਰੀ ਦਿੱਤੀ। ਹਰਿਮੰਦਰ ਸਿੰਘ ਸਬ ਇੰਸਪੈਕਟਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੜਕ ਸਿਰਫ ਆਵਾਜਾਈ ਦੇ ਸਾਧਨਾਂ ਵਾਸਤੇ ਹੈ। ਮਨੁੱਖ ਨੂੰ ਸਿਰਫ਼ ਫੁੱਟਪਾਥ ਤੇ ਤੁਰਨਾ ਚਾਹੀਦਾ ਹੈ। ਅਠਾਰਾਂ ਸਾਲ ਤੋਂ ਘੱਟ ਕੋਈ ਵੀ ਵਿਅਕਤੀ ਵਹੀਕਲ ਨਹੀਂ ਚਲਾ ਸਕਦਾ। ਅਗਰ ਕੋਈ ਵਿਅਕਤੀ ਜਿਸਦੀ ਉਮਰ ਅਠਾਰਾਂ ਸਾਲ ਤੋਂ ਘੱਟ ਹੈ, ਵਹੀਕਲ ਚਲਾ ਕੇ ਕਿਸੇ ਵੀ ਵਿਅਕਤੀ ਦਾ ਨੁਕਸਾਨ ਕਰਦਾ ਹੈ ਤਾਂ ਉਸ ਦਾ ਹਰਜਾਨਾ ਉਸ ਦੇ ਮਾਪਿਆਂ ਤੋਂ ਅਦਾਲਤ ਰਾਹੀਂ ਲਿਆ ਜਾ ਸਕਦਾ ਹੈ। ਟ੍ਰੈਫਿਕ ਦੇ ਭਾਰੀ ਜੁਰਮਾਨਿਆਂ ਬਾਰੇ ਵੀ ਹਰਮੰਦਰ ਸਿੰਘ ਨੇ ਚਾਨਣਾ ਪਾਇਆ। ਕਾਸਮ ਅਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੱਚਿਓ! ਤੁਸੀਂ ਆਪਣੇ ਪਿਤਾ ਨੂੰ ਸ਼ਰਾਬ ਆਦਿ ਛੁਡਵਾ ਸਕਦੇ ਹੋ! ਜੇਕਰ ਤੁਸੀਂ ਉਨਾਂ ਨੂੰ ਪਿਆਰ ਕਰੋ। ਆਪਣੀ ਔਲਾਦ ਦੀ ਮੋਹ ਮਮਤਾ ਵਿੱਚ ਅਕਸਰ ਮਾਪੇ ਉਸ ਗੱਲ ਲਈ ਰਾਜ਼ੀ ਹੋ ਜਾਂਦੇ ਹਨ। ਜਿਸ ਤੇ ਤੁਸੀਂ ਉਨਾਂ ਨੂੰ ਕਹੋਗੇ। ਵਿਦਿਆਰਥੀਆਂ ਨੇ ਪੰਜਾਬ ਪੁਲੀਸ ਦੀ ਟੀਮ ਨੂੰ ਜੁਆਬ ਸਵਾਲ ਵੀ ਕੀਤੇ। ਇਸ ਤੋਂ ਇਲਾਵਾ ਬਲਜੀਤ ਸਿੰਘ ਗਿੱਲ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਦੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਲਾਨਾ ਔਸਤਨ ਕਿਵੇਂ ਭਾਰਤ ਵਿੱਚ ਅਨੇਕਾਂ ਜਾਨਾਂ ਆਦਮੀ ਦੀ ਲਾਪ੍ਰਵਾਹੀ ਨਾਲ ਜਾ ਰਹੀਆਂ ਹਨ। ਇਸ ਮੌਕੇ ਕਾਲਜ ਕਮੇਟੀ ਦੇ ਚੇਅਰਮੈਨ ਸੱਤਪਾਲ ਮੋਹਲਾਂ ਨੇ ਪੰਜਾਬ ਪੁਲੀਸ ਦੀ ਟੀਮ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰੋ.ਸੁਮਨ ਗਾਂਧੀ, ਪ੍ਰੋ.ਮਨਜਿੰਦਰ ਸਿੰਘ, ਪ੍ਰੋ.ਨਿਰਮਲ ਕੌਰ, ਪ੍ਰੋ.ਈਸ਼ਾ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਰਣਜੋਧ ਸਿੰਘ ਅਤੇ ਸੁਪਰਡੈਂਟ ਅਵਤਾਰ ਸਿੰਘ ਹਾਜ਼ਰ ਸਨ।
![]()