
ਹੁਸ਼ਿਆਰਪੁਰ 28 ਫਰਵਰੀ ( ਤਰਸੇਮ ਦੀਵਾਨਾ ) : ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਵਿਖੇ ਸੰਜੀਵ ਨਰੂਲਾ (ਮੈਨੇਜਿੰਗ ਡਾਇਰੈਕਟਰ ਵਰਧਮਾਨ ਯਾਰਨ ਐਂਡ ਥ੍ਰੈਡ ਲਿਮਟਿਡ) ਨੇ ਦੌਰਾ ਕੀਤਾ। ਉਨਾਂ ਨਾਲ ਇੰਦਰਮੋਹਨ ਜੀਤ ਸਿੰਘ ਸਿਧੂ (ਪ੍ਰੈਜ਼ੀਡੈਂਟ ਅਤੇ ਡਾਇਰੈਕਟਰ ਇੰਚਾਰਜ ਵਰਧਮਾਨ ਟੈਕਸਟਾਈਲਜ਼ ਲਿਮਟਿਡ) ਅਤੇ ਤਰੁਨ ਚਾਵਲਾ ਡਾਇਰੈਕਟਰ (ਫਾਈਨੈਂਸ ਅਤੇ ਐਡਮਿਨ ਵਰਧਮਾਨ ਯਾਰਨ ਐਂਡ ਥ੍ਰੈਡ ਲਿਮਟਿਡ) ਨੇ ਦੌਰਾ ਕੀਤਾ। ਸਪੈਸ਼ਲ ਬੱਚਿਆਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸਚਦੇਵਾ ਨੇ ਸਕੂਲ ਦੀਆਂ ਗਤੀਵਿਧੀਆਂ ਅਤੇ ਸਕੂਲ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਬੱਚਿਆਂ ਤੋਂ ਇਹ ਸਕੂਲ ਸ਼ੁਰੂ ਕੀਤਾ ਗਿਆ ਸੀ, ਹੁਣ ਇਸ ਸਕੂਲ ਵਿੱਚ 250 ਦੇ ਲੱਗਭੱਗ ਸਪੈਸ਼ਲ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦਾ ਸਪੈਸ਼ਲ ਪ੍ਰੋਜੈਕਟ ਹੈ ਜਿਸ ਵਿੱਚ ਆਸਟਿੱਕ, ਸੈਰੇਬਲ ਪਾਲਸੀ, ਮਲਟੀਪਲ ਡਿਸਾਬਿਲਟੀਜ਼ ਅਤੇ ਮਾਨਸਿਕ ਦਿਵਿਆਂਗ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਪੈਸ਼ਲ ਹੋਸਟਲ ਦੀ ਸੁਵਿਧਾ ਵੀ ਹੈ। ਪਿੰਡ ਕੱਕੋਂ ਵਿੱਚ ਵੀ ਗੂੰਗੇ ਤੇ ਬੋਲੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।ਜੇ.ਐਸ.ਐਸ. ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ 30 ਸਪੈਸ਼ਲ ਅਧਿਆਪਕ ਹਰ ਸਾਲ ਤਿਆਰ ਕੀਤੇ ਜਾਂਦੇ ਹਨ ਅਤੇ ਉਹ ਆਰ.ਸੀ.ਆਈ. ਦਿੱਲੀ ਤੋਂ ਪ੍ਰਮਾਣਿਤ ਹੈ। ਸਪੈਸ਼ਲ ਸਕੂਲ ਵਿੱਚ ਮਾਨਸਿਕ ਦਿਵਿਆਂਗ ਬੱਚਿਆਂ ਨੂੰ ਸਪੀਚ ਥੈਰੇਪੀ, ਫਿਜ਼ਿਓਥੈਰੇਪੀ, ਸਪੈਸ਼ਲ ਐਜੁਕੇਸ਼ਨ, ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਪਲੇਸਮੈਂਟ ਵੀ ਕੀਤੀ ਜਾਂਦੀ ਹੈ। ਇਨ੍ਹਾਂ ਨਾਲ ਹੀ ਸੰਸਕ੍ਰਿਤਿਕ ਗਤੀਵਿਧੀਆਂ ਅਤੇ ਖੇਡ ਗਤੀਵਿਧੀਆਂ ਵਿੱਚ ਵੀ ਸਪੈਸ਼ਲ ਬੱਚਿਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਗ ਲੈ ਕੇ ਇਨਾਮ ਜਿੱਤੇ ਹਨ। ਬੱਚਿਆਂ ਦੀ ਸਰਵਪੱਖੀ ਵਿਕਾਸ ਕਰਕੇ ਆਤਮ-ਨਿਰਭਰ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਦਿੱਤੀਆਂ ਗਈਆਂ ਸੁਵਿਧਾਵਾਂ ਜਿਵੇਂ ਪੈਨਸ਼ਨ ਆਦਿ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਕਾਰਜਕਾਰੀ ਦੇ ਮੈਂਬਰ ਕਰਨਲ ਗੁਰਮੀਤ ਸਿੰਘ ਨੇ ਕਿਹਾ ਕਿ ਮੈਂ ਇੱਕ ਸਪੈਸ਼ਲ ਪਿਤਾ ਹਾਂ । ਮੇਰੇ ਦੋ ਬੱਚੇ ਸਪੈਸ਼ਲ ਹਨ। ਇਨ੍ਹਾਂ ਸਪੈਸ਼ਲ ਬੱਚਿਆਂ ਦੇ ਲਈ ਇੱਕ ਸਪੈਸ਼ਲ ਸਕੂਲ ਬਹੁਤ ਹੀ ਜ਼ਰੂਰੀ ਹੈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਨੇ ਬੱਚਿਆਂ ਦੀ ਸੇਵਾ ਕਰਨ ਦਾ ਯਤਨ ਕੀਤਾ ਅਤੇ ਇਹ ਸਭ ਤੁਹਾਡੇ ਵਰਗੇ ਦਾਨੀ ਸੱਜਣਾਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਭਵਿੱਖ ਵਿਚ ਵੀ ਇਸ ਸੰਸਥਾਂ ਦੇ ਨਾਲ ਜੁੜੇ ਰਹੋਗੇ ਅਤੇ ਦਾਨੀ ਸੱਜਣਾਂ ਨੂੰ ਵੀ ਇਸ ਪ੍ਰਸ਼ੰਸਾਯੋਗ ਕਾਰਜ ਨਾਲ ਜੋੜੋਗੇ। ਸਪੈਸ਼ਲ ਬੱਚਿਆਂ ਅਤੇ ਡਿਪਲੋਮਾ ਵਿਦਿਆਰਥੀਆਂ ਨੇ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ। ਸੰਜੀਵ ਨਰੂਲਾ ਨੇ ਇਸ ਮੌਕੇ ਤੇ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਆਸ਼ਾਦੀਪ ਵੈਲਫੇਅਰ ਸੁਸਾਇਟੀ ਨੂੰ ਸਪੈਸ਼ਲ ਬੱਚਿਆਂ ਦੇ ਲਈ ਅਤੇ ਖੇਡ ਦਾ ਮੈਦਾਨ ਬਣਾਉਣ ਲਈ ਭੇਂਟ ਕੀਤਾ। ਸੰਜੀਵ ਨਰੂਲਾ ਨੇ ਕਿਹਾ ਕਿ ਮੈਂ ਪਹਿਲੀ ਵਾਰ ਇਸ ਸਕੂਲ ਦਾ ਦੋਰਾ ਕੀਤਾ ਅਤੇ ਮੈਨੂੰ ਬਹੁਤ ਚੰਗਾ ਲੱਗਾ।ਭਵਿੱਖ ਵਿੱਚ ਵੀ ਮੈਂ ਇਸ ਸੰਸਥਾਂ ਦੇ ਨਾਲ ਜੁੜਿਆ ਰਹਾਂਗਾ ਅਤੇ ਸਾਡੀ ਕੰਪਨੀ ਵਲੋਂ ਇਨ੍ਹਾਂ ਬੱਚਿਆਂ ਦੀ ਪਲੇਸਮੈਂਟ ਦਾ ਯਤਨ ਕੀਤਾ ਜਾਵੇਗਾ। ਸਕੂਲ ਵਿੱਚ ਵੀ ਇਨ੍ਹਾਂ ਬੱਚਿਆਂ ਨੂੰ ਜਾਬ ਵਰਕ ਅਤੇ ਪੈਕਿੰਗ ਦਾ ਕੰਮ ਦਿੱਤਾ ਜਾ ਸਕਦਾ ਹੈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਇਨ੍ਹਾਂ ਬੱਚਿਆਂ ਦੇ ਲਈ ਪ੍ਰਸ਼ੰਸਾਯੋਗ ਕੰਮ ਕਰ ਰਹੀ ਹੈ। ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਨ ਸਰਦਾਰ ਤਰਨਜੀਤ ਸਿੰਘ ਨੇ ਸੰਜੀਵ ਨਰੂਲਾ , ਆਈ.ਐਮ.ਜੇ. ਐਸ. ਸਿਧੂ ਅਤੇ ਤਰੁਨ ਚਾਵਲਾ ਦਾ ਧੰਨਵਾਦ ਕੀਤਾ। ਬੱਚਿਆਂ ਵਲੋਂ ਬਣਾਈ ਗਈ ਪੇਟਿੰਗ ਯਾਦਗਰੀ ਚਿੰਨ੍ਹ ਦੇ ਰੂਪ ਵਿੱਚ ਮੁੱਖ ਮਹਿਮਾਨ ਨੂੰ ਭੇਂਟ ਕੀਤੀ ਗਈ।ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਸਾਬਕਾ ਪ੍ਰਧਾਨ ਸਰਦਾਰ ਮਲਕੀਤ ਸਿੰਘ ਮਹੇਰੂ, ਰਾਮ ਆਸਰਾ, ਨਿਰਮਲ ਸਿੰਘ ਬੋਲੀਨਾ, ਜੋਸ਼ੀ, ਕੋਆਰਡੀਨੇਟਰ ਵਰਿੰਦਰ ਕੁਮਾਰ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
![]()